''ਚੰਡੀਗੜ੍ਹ'' ਹੱਡ ਚੀਰਵੀਂ ਠੰਡ ਤੇ ਸੰਘਣੀ ਧੁੰਦ ''ਚ ''ਸ਼ਿਮਲਾ'' ਤੋਂ ਵੀ ਅੱਗੇ, ਰਜਾਈਆਂ ''ਚੋਂ ਨਿਕਲਣਾ ਹੋਇਆ ਔਖਾ (ਤਸਵੀਰਾਂ)
Saturday, Dec 16, 2017 - 10:26 AM (IST)

ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਦਾ ਜਿੱਥੇ ਸ਼ਹਿਰ ਵਾਸੀ ਮਜ਼ਾ ਲੈ ਰਹੇ ਹਨ, ਉੱਥੇ ਹੀ ਕੰਮਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਲੋਕਾਂ ਦੀ ਇਹ ਮੁਸ਼ਕਲ ਸ਼ਨੀਵਾਰ ਸਵੇਰੇ ਉਸ ਸਮੇਂ ਵਧ ਗਈ, ਜਦੋਂ ਧੁੰਦ ਦੀ ਚਿੱਟੀ ਚਾਦਰ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ। ਧੁੰਦ ਇੰਨੀ ਜ਼ਿਆਦਾ ਸੀ ਕਿ ਸਾਹਮਣੇ ਤੋਂ ਕੁਝ ਵੀ ਨਜ਼ਰ ਨਹੀਂ ਆ ਰਹੀ ਸੀ। ਲੋਕਾਂ ਦੇ ਕੱਪੜੇ ਅਤੇ ਵਾਹਨ ਚੋ ਰਹੀ ਧੁੰਦ 'ਚ ਪੂਰੀ ਤਰ੍ਹਾਂ ਗਿੱਲੇ ਹੋ ਰਹੇ ਸਨ। ਅਜਿਹੇ 'ਚ ਸਵੇਰ ਦੇ ਸਮੇਂ ਲੋਕਾਂ ਦਾ ਰਜਾਈਆਂ 'ਚੋਂ ਨਿਕਲਣਾ ਔਖਾ ਹੋ ਗਿਆ ਅਤੇ ਹਰ ਕੋਈ ਠੁਰ-ਠੁਰ ਕਰਦਾ ਹੋਇਆ ਨਜ਼ਰ ਆਇਆ।
ਸ਼ਿਮਲਾ ਤੋਂ ਵੀ ਠੰਡਾ ਰਿਹਾ ਚੰਡੀਗੜ੍ਹ
ਸ਼ੁੱਕਰਵਾਰ ਨੂੰ ਵੀ ਚੰਡੀਗੜ੍ਹ ਦਾ ਮੌਸਮ ਸ਼ਿਮਲਾ ਨਾਲੋਂ ਠੰਡਾ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਜਿਥੇ 13 ਡਿਗਰੀ ਸੈਲਸੀਅਸ ਰਿਹਾ, ਉਥੇ ਹੀ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 13.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿਚ ਇੰਝ ਹੀ ਠੰਡ ਰਹੇਗੀ ਪਰ ਉਸ ਤੋਂ ਬਾਅਦ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। 17 ਦਸੰਬਰ ਤੋਂ ਠੰਡੀਆਂ ਹਵਾਵਾਂ ਵੀ ਚੰਡੀਗੜ੍ਹ ਦਾ ਰੁਖ਼ ਕਰ ਲੈਣਗੀਆਂ। ਸ਼ਨੀਵਾਰ ਨੂੰ ਥੋੜ੍ਹੀ ਜਿਹੀ ਧੁੱਪ ਨਾਲ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ।