ਫਗਵਾੜਾ ''ਚ ਫਲਾਈਓਵਰ ਪਿੱਲਰਾਂ ਵਾਲਾ ਬਣੇਗਾ : ਗਡਕਰੀ

12/23/2017 9:38:42 AM


ਫਗਵਾੜਾ (ਰੁਪਿੰਦਰ ਕੌਰ,ਜਲੋਟਾ,ਹਰਜੋਤ) - ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼, ਨਗਰ ਨਿਗਮ ਦੇ ਮੇਅਰ ਅਰੁਣ ਖੋਸਲਾ ਅਤੇ ਭਾਜਪਾ ਦੇ ਸੀਨੀਅਰ ਨੇਤਾ ਤੀਕਸ਼ਣ ਸੂਦ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਦਿੱਲੀ 'ਚ ਮਿਲੇ। ਸੋਮ ਪ੍ਰਕਾਸ਼ ਅਤੇ ਅਰੁਣ ਖੋਸਲਾ ਨੇ ਫਗਵਾੜਾ 'ਚ ਰੁਕੇ ਫਲਾਈਓਵਰ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦੇ ਸੰਬੰਧ 'ਚ ਇਕ ਮੰਗ ਪੱਤਰ ਵੀ ਗਡਕਰੀ ਨੂੰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫਗਵਾੜਾ ਸਿਵਲ ਹਸਪਤਾਲ ਨੂੰ ਜੀ. ਟੀ. ਰੋਡ ਨਾਲ ਜੋੜਨ ਲਈ ਵੀ ਇਕ ਨਵਾਂ ਰਸਤਾ ਬਣਾਉਣ ਬਾਰੇ ਵਿਚਾਰ ਰੱਖੇ।
ਸੋਮ ਪ੍ਰਕਾਸ਼ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਸੌਂਪੇ ਗਏ ਪੱਤਰ 'ਚ ਕਿਹਾ ਗਿਆ ਕਿ ਫਗਵਾੜਾ-ਲੁਧਿਆਣਾ ਰੋਡ 'ਤੇ ਉਸਾਰੀ ਅਧੀਨ ਫਲਾਈਓਵਰ ਜਿਸ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਲਟਕਿਆ ਪਿਆ ਹੈ, ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਫਲਾਈਓਵਰ ਕਾਰਨ ਸ਼ਹਿਰ ਵਾਸੀਆਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਲਾਈਓਵਰ ਨਾ ਬਣਨ ਕਾਰਨ ਅਕਸਰ ਬਹੁਤ ਸਾਰੇ ਹਾਦਸੇ ਹੁੰਦੇ ਹਨ। ਕਈ ਵਾਰ ਤਾਂ ਲੰਬਾ ਜਾਮ ਲੱਗ ਜਾਣ ਕਾਰਨ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਿਤਿਨ ਗਡਕਰੀ ਨੇ ਸੋਮ ਪ੍ਰਕਾਸ਼ ਅਰੁਣ ਖੋਸਲਾ ਅਤੇ ਤੀਕਸ਼ਣ ਸੂਦ ਨੂੰ ਭਰੋਸਾ ਦਿੱਤਾ ਹੈ ਕਿ ਫਗਵਾੜਾ 'ਚ ਉਸਾਰੀ ਅਧੀਨ ਫਲਾਈਓਵਰ ਦਾ ਟੈਂਡਰ ਅਗਲੇ ਹਫਤੇ ਖੁੱਲ੍ਹਣ ਜਾ ਰਿਹਾ ਹੈ। ਕੁਲ 263 ਕਰੋੜ ਰੁਪਏ ਦੀ ਲਾਗਤ ਨਾਲ ਇਹ ਫਲਾਈਓਵਰ ਬਣ ਕੇ ਤਿਆਰ ਹੋ ਜਾਵੇਗਾ ਤੇ ਫਲਾਈਓਵਰ ਮਿੱਟੀ ਦੀ ਜਗ੍ਹਾ ਪਿੱਲਰ ਵਾਲਾ ਬਣੇਗਾ।  ਉਨ੍ਹਾਂ ਨੇ ਕਿਹਾ ਕਿ ਫਗਵਾੜਾ ਸਿਵਲ ਹਸਪਤਾਲ ਨੂੰ ਜੀ. ਟੀ. ਰੋਡ ਨਾਲ ਜੋੜਨ ਲਈ ਵੀ ਇਕ ਨਵੇਂ ਰਸਤੇ ਦਾ ਨਿਰਮਾਣ ਕਰਵਾਇਆ ਜਾਵੇਗਾ, ਜਿਸ ਨਾਲ ਮਰੀਜ਼ਾਂ ਨੂੰ ਐਮਰਜੈਂਸੀ ਦੀ ਸਥਿਤੀ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰ ਦੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਜਾਰੀ ਹੈ ਜੋ ਕਿ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ।


Related News