ਲੁਧਿਆਣਾ : ਚਾਰੇ ਪਾਸੇ ਮਹਿਕਾਂ ਬਿਖੇਰਦਾ ''ਫਲਾਵਰ ਸ਼ੋਅ'' ਸ਼ੁਰੂ

Thursday, Nov 29, 2018 - 11:53 AM (IST)

ਲੁਧਿਆਣਾ : ਚਾਰੇ ਪਾਸੇ ਮਹਿਕਾਂ ਬਿਖੇਰਦਾ ''ਫਲਾਵਰ ਸ਼ੋਅ'' ਸ਼ੁਰੂ

ਲੁਧਿਆਣਾ (ਸਲੂਜਾ) : ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਵਿਚ ਸਮਰਪਿਤ 2 ਦਿਨਾ ਫਲਾਵਰ ਸ਼ੋਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿਚ ਚਾਰੇ ਪਾਸੇ ਮਹਿਕਾਂ ਬਿਖੇਰਦਾ ਹੋਇਆ ਸ਼ੁਰੂ ਹੋ ਗਿਆ। ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਜਜ਼ਬਾਤੀ ਹੁੰਦੇ ਹੋਏ ਭਾਈ ਵੀਰ ਸਿੰਘ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਅੱਜ ਵੀ ਸਮਾਜ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਕਿਹਾ ਕਿ ਫੁੱਲ ਕੁਦਰਤ ਦੀ ਮਨਮੋਹਣੀ ਸੌਗਾਤ ਹੈ। ਤਣਾਅ ਤੋਂ ਮੁਕਤ ਹੋਣ ਲਈ ਤੁਹਾਨੂੰ ਕੁਦਰਤ ਨਾਲ ਜੁੜਨਾ ਪਵੇਗਾ। ਇਹ ਵੀ ਇਕ ਸੱਚ ਹੈ ਕਿ ਫੁੱਲ ਇਕ ਸ਼ਾਂਤੀ ਦਾ ਪ੍ਰਤੀਕ ਹਨ ਜੋ ਮਨੁੱਖ ਨੂੰ ਹਿੰਸਕ ਹੋਣ ਤੋਂ ਰੋਕਦੇ ਹਨ। ਉਨ੍ਹਾਂ ਫੁੱਲ ਪ੍ਰੇਮੀਆਂ ਨੂੰ ਕਿਹਾ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਆਪਣੇ ਘਰਾਂ ਅਤੇ ਆਲੇ-ਦੁਆਲੇ ਲਾਉਣ ਅਤੇ ਦੂਜਿਆਂ ਨੂੰ ਵੀ ਕੁਦਰਤ ਨਾਲ ਪਿਆਰ ਕਰਨ ਦਾ ਪਾਠ ਪੜ੍ਹਾਉਣ।

ਸੈਂਟ੍ਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਅੱਜ ਅਸੀਂ ਸਾਰੇ ਪ੍ਰਦੂਸ਼ਿਤ ਵਾਤਾਵਰਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਾਂ। ਇਸ ਲਈ ਅੱਜ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਅੱਗੇ ਆਈਏ। ਫਲੋਰੀਕਲਚਰ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਲਾਵਰ ਸ਼ੋਅ ਵਿਚ ਫਲਾਵਰ ਦੀਆਂ 100 ਤੋਂ ਜ਼ਿਆਦਾ ਕਿਸਮਾਂ ਨੂੰ 3000 ਗਮਲਿਆਂ ਵਿਚ ਦਰਸ਼ਕਾਂ ਲਈ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੀਆਂ ਕਿਸਮਾਂ ਦੀ ਖੋਜ ਅਤੇ ਪ੍ਰਸਾਰ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ।


author

Babita

Content Editor

Related News