ਦੇਵਦੂਤ ਬਣੇ ਨੇਵੀ ਦੇ ਜਵਾਨ, 16005 ਲੋਕਾਂ ਨੂੰ ਸੁਰੱਖਿਅਤ ਕੱਢਿਆ

Thursday, Aug 23, 2018 - 05:49 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ): ਭਿਆਨਕ ਹੜ੍ਹ ਨਾਲ ਜੂਝ ਰਹੇ ਕੇਰਲਾ 'ਚ ਹੁਣ ਪਾਣੀ ਦਾ ਪ੍ਰਕੋਪ ਘੱਟ ਹੋਣ ਲੱਗਾ ਹੈ ਅਤੇ ਕਈ ਸਥਾਨਾਂ 'ਤੇ ਪਾਣੀ ਦੇ ਪੱਧਰ 'ਚ ਗਿਰਾਵਟ ਆਈ ਹੈ ਪਰ ਇਸ ਦੇ ਬਾਵਜੂਦ ਇਥੇ ਜਨਜੀਵਨ ਆਮ ਵਰਗਾ ਨਹੀਂ ਹੋ ਸਕਿਆ ਹੈ। ਕੇਰਲਾ ਦੇ ਵੱਖ-ਵੱਖ ਜ਼ਿਲਿਆਂ 'ਚ ਰਾਹਤ ਤੇ ਬਚਾਅ ਕਾਰਜ ਕਿਸ ਢੰਗ ਨਾਲ ਚੱਲ ਰਹੇ ਹਨ, ਇਸ ਦੀ ਰਿਪੋਰਟਿੰਗ ਲਈ 'ਜਗਬਾਣੀ' ਦੀ ਟੀਮ ਕੇਰਲਾ ਪਹੁੰਚ ਚੁੱਕੀ ਹੈ। ਸਾਡੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੱਸ ਰਹੇ ਹਨ ਕਿ ਗਰਾਊਂਡ ਜ਼ੀਰੋ 'ਤੇ ਫਿਲਹਾਲ ਕੀ ਸਥਿਤੀ ਹੈ ਅਤੇ ਕੇਰਲਾ 'ਚ ਆਮ ਜ਼ਿੰਦਗੀ ਨੂੰ ਰਾਹ 'ਤੇ ਆਉਣ 'ਚ ਕਿੰਨਾ ਸਮਾਂ ਲੱਗੇਗਾ। 

ਕੇਰਲਾ ਦੇ ਹੜ੍ਹ ਰਾਹਤ ਕੈਂਪਾਂ 'ਚ ਬੀਮਾਰੀ ਫੈਲਣ ਦਾ ਡਰ
ਭਾਵੇਂ ਕਿ ਭਾਰਤ ਦੇ ਹੜ੍ਹ ਮਾਰੇ ਸੂਬੇ ਕੇਰਲਾ 'ਚ ਮਾਨਸੂਨ ਬਰਸਾਤਾਂ ਰੁਕ ਗਈਆਂ ਹਨ ਪਰ ਹੁਣ ਰਾਹਤ ਕੈਂਪਾਂ 'ਚ 2,00,000 ਲੋਕ ਬੀਮਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। 

ਨੇਵੀ ਦਾ 'ਆਪ੍ਰੇਸ਼ਨ ਮਦਦ' ਖਤਮ 
100 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹ 'ਚ ਫਸੇ ਕੇਰਲਾ ਲਈ ਨੇਵੀ ਦੇ ਜਵਾਨ ਦੇਵਦੂਤ ਬਣ ਕੇ ਸਾਹਮਣੇ ਆਏ ਹਨ। ਨੇਵੀ ਵਲੋਂ ਚਲਾਏ ਗਏ 'ਆਪ੍ਰੇਸ਼ਨ ਮਦਦ' 'ਚ 14 ਦਿਨਾਂ ਅੰਦਰ ਹੜ੍ਹ 'ਚ ਫਸੇ 16005 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਹ ਆਪ੍ਰੇਸ਼ਨ 9 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ 'ਚ ਸਥਾਨਕ ਪ੍ਰਸ਼ਾਸਨ ਦੀ ਵੀ ਮਦਦ ਲਈ ਗਈ। ਇਸ ਹੜ੍ਹ ਨਾਲ 8 ਅਗਸਤ ਤੋਂ ਹੁਣ ਤੱਕ 231 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 32 ਵਿਅਕਤੀ ਲਾਪਤਾ ਹਨ। ਲਗਭਗ 3.91 ਲੱਖ ਪਰਿਵਾਰਾਂ ਦੇ ਲਗਭਗ ਸਾਢੇ 14 ਲੱਖ ਲੋਕਾਂ ਨੂੰ 3879 ਰਾਹਤ ਕੈਂਪਾਂ 'ਚ ਰੱਖਿਆ ਗਿਆ ਹੈ। ਕੇਰਲਾ 'ਚ ਹੜ੍ਹ ਤੋਂ ਬਾਅਦ ਹੀ ਭਾਰਤੀ ਫੌਜ ਦੀਆਂ ਤਿੰਨੇ ਯੂਨਿਟਾਂ ਦੇ ਜਵਾਨ ਸਥਾਨਕ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। 

ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚਿਆ ਖਾਲਸਾ ਏਡ 
ਦੁਨੀਆ 'ਚ ਜਿੱਥੇ ਵੀ ਕੁਦਰਤੀ ਆਫਤਾਂ ਜਾਂ ਜੰਗਾਂ-ਯੁੱਧਾਂ 'ਚ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਤਾਂ ਖਾਲਸਾ ਏਡ ਆਪਣੀਆਂ ਸੇਵਾਵਾਂ ਨਾਲ ਉੱਥੇ ਪਹੁੰਚ ਜਾਂਦੀ ਹੈ। ਖਾਲਸਾ ਏਡ ਦੇ ਏਸ਼ੀਆ ਡਾਇਰੈਕਟਰ ਅਮਰਪ੍ਰੀਤ ਸਿੰਘ ਮੁਤਾਬਕ ਉਹ 17 ਅਗਸਤ ਨੂੰ ਕੇਰਲਾ ਪਹੁੰਚੇ ਸਨ। ਸ਼ੁਰੂਆਤ 'ਚ ਅਸੀਂ ਆਪਣੇ 6 ਵਾਲੰਟੀਅਰਾਂ ਨਾਲ ਸਥਾਨਕ ਗੁਰੂ ਸਿੰਘ ਸਭਾ ਗੁਰਦੁਆਰੇ ਤੋਂ ਰਸੋਈ ਤਿਆਰ ਕਰ ਕੇ ਕੈਂਪਾਂ ਤੱਕ ਭੋਜਨ ਮੁਹੱਈਆ ਕਰਵਾਇਆ ਸੀ ਪਰ ਸਾਨੂੰ ਅਗਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਸਹਾਇਤਾ ਨੂੰ ਹੋਰ ਵਧਾਉਣਾ ਪਵੇਗਾ। ਇਸ ਦੌਰਾਨ 23 ਵਾਲੰਟੀਅਰ ਹੋਰ ਪਹੁੰਚੇ ਹਨ ਅਤੇ ਅਸੀਂ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਸੇਵਾ ਦੇ ਕਾਰਜਾਂ 'ਚ ਜੁਟੇ ਰਹਿੰਦੇ ਹਾਂ। 
ਖ਼ਾਲਸਾ ਏਡ ਆਪਣੀ ਰਸੋਈ ਤੋਂ ਰੋਜ਼ਾਨਾ 5000 ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰ ਰਹੀ ਹੈ। ਖਾਲਸਾ ਏਡ ਵਲੋਂ ਹੁਣ ਤੱਕ 1 ਲੱਖ ਭੋਜਨ ਦੇ ਡੱਬੇ ਵੰਡੇ ਜਾ ਚੁੱਕੇ ਹਨ। ਸੰਸਥਾ ਵਲੋਂ ਹੁਣ ਇਕ ਸਪੈਸ਼ਲ ਕਿੱਟ ਤਿਆਰ ਕੀਤੀ ਜਾ ਰਹੀ ਹੈ, ਜਿਸ 'ਚ ਸਾਬਣ, ਬਰੱਸ਼, ਸੈਨੇਟਰੀ ਪੈਡ, ਸਰਫ ਅਤੇ ਰੋਜ਼ਾਨਾ ਲੋੜਾਂ ਦਾ ਸਾਮਾਨ ਹੋਵੇਗਾ। 

 

PunjabKesariਕੇਂਦਰ ਨੇ ਭੇਜਿਆ 89540 ਟਨ ਹੋਰ ਅਨਾਜ
ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਕੇਰਲਾ 'ਚ ਇਸ ਮਹੀਨੇ 89540 ਟਨ ਹੋਰ ਅਨਾਜ ਭੇਜਿਆ ਜਾ ਰਿਹਾ ਹੈ। ਕੌਮੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਕੇਰਲਾ ਨੂੰ ਹਰ ਮਹੀਨੇ 1 ਲੱਖ 18 ਹਜ਼ਾਰ ਟਨ ਅਨਾਜ ਮਿਲਦਾ ਹੈ ਪਰ ਇਸ 'ਚ ਪੂਰੀ ਆਬਾਦੀ ਸ਼ਾਮਲ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰਾਲਾ ਨੇ ਕੇਰਲਾ 'ਚ 100 ਟਨ ਦਾਲ ਭੇਜੀ ਹੈ ਅਤੇ ਰੋਜ਼ਾਨਾ 80 ਟਨ ਦਾਲ ਦੀ ਸਪਲਾਈ ਕੀਤੀ ਜਾ ਰਹੀ ਹੈ। ਫਿਲਹਾਲ ਕੇਰਲਾ ਨੂੰ ਭੇਜੇ ਜਾ ਰਹੇ ਹੋਰ ਅਨਾਜ ਦੀ ਸਪਲਾਈ ਦੇ ਖਰਚ 'ਤੇ ਫੈਸਲਾ ਨਹੀਂ ਹੋਇਆ ਹੈ।    ਖੁਰਾਕ ਤੇ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਬਿੱਲ ਦਾ ਭੁਗਤਾਨ ਫਿਲਹਾਲ ਚਿੰਤਾ ਦਾ ਵਿਸ਼ਾ ਨਹੀਂ ਹੈ। ਅਨਾਜ ਦੀ ਸਪਲਾਈ 3 ਮਹੀਨਿਆਂ ਤੱਕ ਕੀਤੀ ਜਾ ਸਕਦੀ ਹੈ, ਜਿਸ 'ਚ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੇਗੀ।

''ਮੈਨੂੰ ਸਿੱਖੀ 'ਚੋਂ ਸਭ ਤੋਂ ਪਿਆਰੀ ਗੱਲ ਸੇਵਾ ਲੱਗਦੀ ਹੈ। ਮੇਰੀ ਨਾਨੀ ਵੀ ਸਿੱਖ ਧਰਮ ਨੂੰ ਮੰਨਦੀ ਸੀ। ਇਸ ਸੇਵਾ 'ਚ ਹੀ ਸੱਚਾ ਆਨੰਦ ਹੈ। ਇਸ ਕਰਕੇ ਮੈਂ ਪਿਛਲੇ ਡੇਢ ਸਾਲ ਤੋਂ ਖ਼ਾਲਸਾ ਏਡ ਨਾਲ ਸੇਵਾ ਕਰਦਾ ਹਾਂ।'' 
-ਰਣਦੀਪ ਹੁੱਡਾ, ਅਦਾਕਾਰ ਵਾਲੰਟੀਅਰ ਖ਼ਾਲਸਾ ਏਡ

''ਕੇਰਲਾ ਦੀ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਅਣਮਿੱਥੇ ਸਮੇਂ ਲਈ ਸੇਵਾ ਕਾਰਜ ਕਰਨੇ ਪੈਣਗੇ। ਸਾਡੀ ਅਗਲੀ ਫਿਕਰ ਹੈ ਕਿ ਅਸੀਂ ਮੁੜ ਵਸੇਬੇ 'ਚ ਕੇਰਲਾ ਵਾਸੀਆਂ ਦੀ ਮਦਦ ਕਿਵੇਂ ਕਰੀਏ। ਸੋ ਇਸ ਲਈ ਅਸੀਂ ਨੇੜਲੇ ਇਲਾਕਿਆਂ ਦਾ ਦੌਰਾ ਕਰ ਰਹੇ ਹਾਂ ਤਾਂ ਕਿ ਵਿਉਂਤਬੰਦੀ ਕਰਕੇ ਸੇਵਾ ਦੇ ਕਾਰਜ ਉਲੀਕੇ ਜਾਣ।''
-ਅਮਰਪ੍ਰੀਤ ਸਿੰਘ, ਡਾਇਰੈਕਟਰ ਏਸ਼ੀਆ ਖ਼ਾਲਸਾ ਏਡ

ਕੇਰਲਾ ਦੇ ਹੜ੍ਹ ਰਾਹਤ ਕੈਂਪਾਂ 'ਚ ਬੀਮਾਰੀ ਫੈਲਣ ਦਾ ਡਰ
ਭਾਵੇਂ ਕਿ ਭਾਰਤ ਦੇ ਹੜ੍ਹ ਮਾਰੇ ਸੂਬੇ ਕੇਰਲਾ 'ਚ ਮਾਨਸੂਨ ਬਰਸਾਤਾਂ ਥੰਮ੍ਹ ਗਈਆਂ ਹਨ ਪਰ ਹੁਣ ਰਾਹਤ ਕੈਂਪਾਂ 'ਚ 2,00,000 ਲੋਕ ਬੀਮਾਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। 

PunjabKesari


Related News