ਬੱਸਾਂ ਲਈ ਆਇਆ ਯਾਤਰੀਆਂ ਦਾ ਹੜ੍ਹ : ਦਿੱਲੀ, ਜੰਮੂ ਤੇ ਹਰਿਆਣਾ ਲਈ ਰਵਾਨਾ ਹੋਈਆਂ 900 ਤੋਂ ਵੱਧ ਬੱਸਾਂ

Friday, Dec 24, 2021 - 11:21 PM (IST)

ਜਲੰਧਰ (ਪੁਨੀਤ)–ਟਰੇਨਾਂ ਦੀ ਆਵਾਜਾਈ ਆਮ ਵਾਂਗ ਨਾ ਹੋਣ ਕਾਰਨ ਪਬਲਿਕ ਟਰਾਂਸਪੋਰਟ ਦੇ ਰੂਪ ’ਚ ਬੱਸਾਂ ਹੀ ਇਕਲੌਤਾ ਸਹਾਰਾ ਹੈ, ਜਿਸ ਨਾਲ ਬੱਸ ਅੱਡਿਆਂ ਵਿਚ ਯਾਤਰੀਆਂ ਦਾ ਸੈਲਾਬ ਉਮੜ ਰਿਹਾ ਹੈ। ਆਲਮ ਇਹ ਹੈ ਕਿ ਯਾਤਰੀਆਂ ਦੀ ਗਿਣਤੀ ਬਹੁਤ ਵੱਧ ਹੋਣ ਕਾਰਨ ਮੰਗ ਦੀ ਪੂਰਤੀ ਨਹੀਂ ਹੋ ਪਾ ਰਹੀ, ਜਿਸ ਨੂੰ ਦੇਖਦਿਆਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਰਗੇ ਮੁੱਖ ਡਿਪੂਆਂ ਵੱਲੋਂ ਦੂਜੇ ਡਿਪੂਆਂ ਤੋਂ ਬੱਸਾਂ ਦੀ ਮੰਗ ਕੀਤੀ ਗਈ ਹੈ। ਸਭ ਤੋਂ ਵੱਧ ਸਵਾਰੀਆਂ ਲੰਮੇ ਰੂਟਾਂ ਲਈ ਹਨ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਵਿਭਾਗ ਵੱਲੋਂ ਘੱਟ ਯਾਤਰੀ ਗਿਣਤੀ ਵਾਲੇ ਟਾਈਮ ਮਿਸ ਕਰ ਕੇ ਵੱਧ ਤੋਂ ਵੱਧ ਬੱਸਾਂ ਨੂੰ ਲੰਮੇ ਰੂਟਾਂ ’ਤੇ ਭੇਜਿਆ ਜਾ ਰਿਹਾ ਹੈ। ਜਲੰਧਰ ਬੱਸ ਅੱਡੇ ਤੋਂ ਅੱਜ ਦਿੱਲੀ, ਜੰਮੂ ਅਤੇ ਹਰਿਆਣਾ ਲਈ 900 ਤੋਂ ਵੱਧ ਬੱਸਾਂ ਰਵਾਨਾ ਹੋਈਆਂ। ਇਨ੍ਹਾਂ ਬੱਸਾਂ ਵਿਚ ਪੰਜਾਬ ਦੀਆਂ ਸਰਕਾਰੀ ਬੱਸਾਂ ਸਮੇਤ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵੀ ਸ਼ਾਮਲ ਹਨ।

PunjabKesari

21 ਮਹੀਨਿਆਂ ਬਾਅਦ ਜੰਮੂ ਲਈ ਹਾਲ ਹੀ ’ਚ ਸ਼ੁਰੂ ਹੋਈ ਬੱਸਾਂ ਦੀ ਆਵਾਜਾਈ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜੇ. ਐਂਡ ਕੇ. ਸਟੇਟ ਰੋਡ ਟਰਾਂਸਪੋਰਟ ਦੀਆਂ ਬੱਸਾਂ ਪੰਜਾਬ ਵਿਚ ਵੱਡੀ ਗਿਣਤੀ ਵਿਚ ਪਹੁੰਚ ਰਹੀਆਂ ਹਨ। ਮੰਗ ਨੂੰ ਦੇਖਦਿਆਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜੰਮੂ ਲਈ ਵੱਧ ਟਾਈਮ ਚਲਾਏ ਜਾ ਰਹੇ ਹਨ। ਹਰਿਆਣਾ ਰੋਡਵੇਜ਼ ਵੱਲੋਂ ਯਾਤਰੀਆਂ ਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਵਿਚ ਵੱਧ ਬੱਸਾਂ ਭੇਜੀਆਂ ਜਾ ਰਹੀਆਂ ਹਨ। ਉੱਤਰਾਖੰਡ ਦੀਆਂ ਬੱਸਾਂ ਦੀ ਗਿਣਤੀ ਵਿਚ ਵਾਧਾ ਦੇਖਿਆ ਗਿਆ ਹੈ। ਦਿੱਲੀ ਲਈ ਜਾਣ ਵਾਲੀਆਂ ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਦੀ ਗਿਣਤੀ ਿਵਚ ਅਚਾਨਕ ਵਾਧਾ ਦੇਖਿਆ ਜਾ ਰਿਹਾ ਹੈ।

ਕਾਊਂਟਰਾਂ ’ਤੇ ਯਾਤਰੀਆਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਜਿਹੜੀਆਂ ਬੱਸਾਂ ਕਾਊਂਟਰਾਂ ’ਤੇ ਲੱਗ ਰਹੀਆਂ ਹਨ, ਉਨ੍ਹਾਂ ਵਿਚ ਤੁਰੰਤ ਸੀਟਾਂ ਭਰ ਰਹੀਆਂ ਹਨ। ਯਾਤਰੀਆਂ ਨੂੰ ਬੱਸਾਂ ਵਿਚ ਖੜ੍ਹੇ ਹੋ ਕੇ ਰਵਾਨਾ ਹੋਣਾ ਪੈ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨੀਆਂ ਬੱਸਾਂ ਉਨ੍ਹਾਂ ਕੋਲ ਹਨ, ਉਹ ਸਾਰੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਸਟੇਸ਼ਨਾਂ ’ਤੇ ਬੱਸਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਛੋਟੇ ਸ਼ਹਿਰਾਂ ਦੇ ਯਾਤਰੀ ਵੀ ਇਥੇ ਪਹੁੰਚ ਰਹੇ ਹਨ, ਜਿਸ ਕਾਰਨ ਭੀੜ ਵਿਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ।

ਸਰਕਾਰੀ ਬੱਸਾਂ ਦੀ ਆਮਦਨ ’ਚ ਅਚਾਨਕ ਭਾਰੀ ਵਾਧਾ
ਪਿਛਲੇ ਸਮੇਂ ਦੌਰਾਨ 9 ਦਿਨਾਂ ਤੱਕ ਚੱਲੀ ਪਨਬੱਸ ਅਤੇ ਪੀ. ਆਰ. ਟੀ. ਸੀ. ਯੂਨੀਅਨ ਦੀ ਹੜਤਾਲ ਕਾਰਨ ਵਿਭਾਗ ਨੂੰ 21-22 ਕਰੋੜ ਤੋਂ ਵੱਧ ਦਾ ਟਰਾਂਜ਼ੈਕਸ਼ਨ ਲੌਸ ਉਠਾਉਣਾ ਪਿਆ ਸੀ। ਉਸ ਸਮੇਂ ਵਿਭਾਗ ਨੂੰ ਘਾਟਾ ਪੈਣ ਨਾਲ ਅਧਿਕਾਰੀ ਬਹੁਤ ਫਿਕਰਮੰਦ ਸਨ ਪਰ ਹੁਣ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਕਾਰਨ ਸਰਕਾਰੀ ਬੱਸਾਂ ਦੀ ਆਮਦਨ ਵਿਚ ਭਾਰੀ ਵਾਧਾ ਦਰਜ ਹੋਇਆ ਹੈ। ਇਸ ਸਮੇਂ ਹਰੇਕ ਰੂਟ ’ਤੇ ਜਾਣ ਵਾਲੀ ਬੱਸ ਲਾਭ ਹਾਸਲ ਕਰ ਰਹੀ ਹੈ, ਜਦਕਿ ਠੰਡ ਦੇ ਦਿਨਾਂ ਵਿਚ ਅਜਿਹਾ ਹੋਣਾ ਸੰਭਵ ਨਹੀਂ ਹੁੰਦਾ।


Manoj

Content Editor

Related News