9 ਦਿਨਾਂ ਬਾਅਦ ਪੂਰਿਆ ਗਿਆ ਜਾਣੀਆਂ ਚਾਹਲ ਦਾ ਪਾੜ, ਕੈਪਟਨ ਨੇ ਵੀ ਕੀਤੀ ਤਾਰੀਫ  (ਵੀਡੀਓ)

Monday, Sep 02, 2019 - 06:28 PM (IST)

ਜਲੰਧਰ/ਸ਼ਾਹਕੋਟ— ਪੰਜਾਬ ’ਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋਏ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਹੜ੍ਹ ਦੇ ਕਾਰਨ ਸ਼ਾਹਕੋਟ ਦੇ ਪਿੰਡ  ਜਾਣੀਆਂ ਚਾਹਲ ਨੂੰ ਕਾਫੀ ਨੁਕਸਾਨ ਪਹੁੰਚਿਆ। ਇਥੇ ਕਰੀਬ 500 ਫੁੱਟ ਦੇ ਪਾੜ ਨੂੰ ਪ੍ਰਸ਼ਾਸਨ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਟੀਮ ਦੇ ਸਹਿਯੋਗ ਨਾਲ ਅੱਜ 9 ਦਿਨਾਂ ਬਾਅਦ ਪੂਰ ਲਿਆ ਗਿਆ ਹੈ। ਇਸ ਬੰਨ੍ਹ ਨੂੰ ਜੋੜਨ ਦੇ ਲਈ ਭਾਰਤੀ ਫੌਜ ਅਤੇ ਡ੍ਰੈਨੇਜ ਵਿਭਾਗ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਅੱਜ ਬੰਨ੍ਹ ਪੂਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਵਧਾਈ ਦਿੱਤੀ ਹੈ। 

ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਾਣੀਆਂ ਚਾਹਲ ਪਿੰਡ ’ਚ 500 ਫੁੱਟ ਚੌੜੇ ਬੰਨ੍ਹ ਨੂੰ ਅੱਜ ਭਾਰਤੀ ਫੌਜ, ਮਨਰੇਗਾ ਮਜ਼ਦੂਰਾਂ, ਡ੍ਰੇਨੇਜ ਵਿਭਾਗ ਦੇ ਠੇਕੇਦਾਰ ਮਜ਼ਦੂਰਾਂ, ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਪੂਰ ਲਿਆ ਗਿਆ ਹੈ। ਸੰਤ ਸੀਚੇਵਾ ਦੀ ਟੀਮ ਨੇ ਇਸ ਬੰਨ੍ਹ ਨੂੰ ਪੂਰਨ ਦੇ ਲਈ ਦਿਨ-ਰਾਤ ਇਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਆਪਰੇਸ਼ਨ ਲਈ ਤਕਨੀਕੀ ਮਾਰਗਦਰਸ਼ਨ ਭਾਰਤੀ ਫੌਜ ਅਤੇ ਜਲ ਨਿਕਾਸੀ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੰਨ੍ਹ ਨੂੰ ਭਰਨ ਲਈ ਪੂਰੇ ਤਿੰਨ ਲੱਖ ਰੇਤ ਦੇ ਬੈਗ, ਦੋ ਲੱਖ ਕਿਊਬਿਕ ਫੁੱਟ ਬੋਲਡਰ ਅਤੇ 270 ਕੁਇੰਟਲ ਸਟੀਲ ਵਾਇਰ ਲਗਾਏ ਗਏ। 

ਸ਼ਾਹਕੋਟ ’ਚ ਗਿਰਦਾਵਰੀ ਲਈ 9 ਪਟਵਾਰੀਆਂ ਦੀ ਲਗਾਈ ਡਿਊਟੀ 
ਡੀ. ਸੀ. ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਰਬਾਦ ਫਸਲਾਂ ਦੀ ਗਿਰਦਾਵਰੀ ਲਈ 9 ਪਟਵਾਰੀਆਂ ਦੀਆਂ ਡਿਊਟੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸਾਰੇ ਪਟਵਾਰੀ ਸ਼ਾਹਕੋਟ ਅਤੇ ਲੋਹੀਆਂ ਖਾਸ ਦੇ ਪਿੰਡਾਂ ’ਚ ਜਾ ਕੇ ਨੁਕਸਾਨ ਦਾ ਰਿਕਾਰਡ ਲੈਣਗੇ। ਪਟਵਾਰੀਆਂ ਦੀ ਟੀਮ ਫਸਲ ਦਾ ਨੁਕਸਾਨ, ਘਰ ਦੇ ਨੁੁਕਸਾਨ ਸਮੇਤ ਹਰ ਤਰ੍ਹਾਂ ਦੇ ਆਰਥਿਕ ਪਹਿਲੂਆਂ ਦਾ ਵੀ ਸਰਵੇ ਕਰਨਗੇ। ਅਗਲੇ 7 ਦਿਨਾਂ ਤੱਕ ਕੇਂਦਰ ਤੋਂ ਵੀ ਇਕ ਟੀਮ ਪੰਜਾਬ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਵੇਗੀ ਅਤੇ ਨੁਕਸਾਨ ਦੀ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਨੂੰ ਦੇਵੇਗੀ। 

ਉਥੇ ਹੀ ਪਾਵਰਕਾਮ ਦੇ ਕਰਮਚਾਰੀਆਂ ਨੂੰ ਹੜ੍ਹ ਦੇ ਪਾਣੀ ’ਚ ਡਿੱਗੇ 102 ਪਿੰਡਾਂ ’ਚ ਬਿਜਲੀ ਚਾਲੂ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਐਤਵਾਰ ਨੂੰ ਸ਼ਾਹਕੋਟ ਅਤੇ ਲੋਹੀਆਂ ਏਰੀਆਂ ਦੇ 21 ਪਿੰਡਾਂ ’ਚ ਬਿਜਲੀ ਚਾਲੂ ਕਰ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ’ਚ 8 ਤੋਂ 10 ਫੁੱਟ ਪਾਣੀ ਭਰਿਆ ਸੀ, ਜਿਸ ਕਾਰਨ ਕਈ ਟਰਾਂਸਫਰ ਬੰਦ ਪਏ ਸਨ। ਪਾਵਰਕਾਮ ਨੂੰ ਟਰਾਂਸਫਾਰਮਰ ਚੈੱਕ ਕਰਨ ਤੋਂ ਬਾਅਦ ਬਿਜਲੀ ਬਹਾਲ ਕਰਨੀ ਪਈ। ਸ਼ਾਹਕੋਟ ਦੇ ਪਿੰਡ  ਜਾਣੀਆਂ ਚਾਹਲ ਤੋਂ ਇਲਾਵਾ ਹੋਰ ਪਿੰਡਾਂ ’ਚ ਬਿਜਲੀ ਬਹਾਲ ਹੋਣ ’ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। 


author

shivani attri

Content Editor

Related News