ਸੁਲਤਾਨਪੁਰ ਲੋਧੀ: ਧੁੱਸੀ ਬੰਨ੍ਹ ਟੁੱਟਣ ਨਾਲ ਦਰਜਨਾਂ ਪਿੰਡ ਡੁੱਬੇ, 30 'ਚ ਬਲੈਕ ਆਊਟ (ਤਸਵੀਰਾਂ)

08/21/2019 1:13:14 PM

ਜਲੰਧਰ/ਸੁਲਤਾਨਪੁਰ ਲੋਧੀ/ਚੰਡੀਗੜ੍ਹ (ਧੀਰ, ਸੋਢੀ, ਅਸ਼ਵਨੀ)— ਭਾਖੜਾ ਡੈਮ 'ਚੋਂ ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਕਾਰਣ ਪੰਜਾਬ 'ਚ ਹੜ੍ਹ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ, ਦਾਰੇਵਾਲ ਅਤੇ ਮੰਡਾਲਾ ਨੇੜੇ ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਦਰਜਨਾਂ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ ਹਨ। ਲੋਹੀਆਂ ਖਾਸ ਵਿਖੇ ਕਈ ਥਾਈਂ ਡੈਮ ਵੀ ਟੁੱਟੇ। ਇਸ ਕਾਰਨ ਕਈ ਪਿੰਡਾਂ 'ਚ ਲੋਕਾਂ ਦੇ ਘਰਾਂ ਅੰਦਰ ਤੱਕ ਪਾਣੀ ਆ ਗਿਆ ਹੈ। ਖੇਤ ਡੁੱਬ ਗਏ ਹਨ। ਝੋਨੇ ਅਤੇ ਚਾਰੇ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਬਿਜਲੀ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਕ ਬਿਜਲੀ ਘਰ ਅਤੇ 6-7 ਫੀਡਰਾਂ ਨੂੰ ਬੰਦ ਕਰਨ ਕਾਰਣ 30 ਪਿੰਡਾਂ 'ਚ ਬਲੈਕ ਆਊਟ ਹੋ ਚੁੱਕੀ ਹੈ। 15 ਤੋਂ ਵੱਧ ਪਿੰਡਾਂ 'ਚ ਖਤਰੇ ਦੇ ਬੱਦਲ ਮੰਡਰਾ ਰਹੇ ਹਨ।

PunjabKesari
ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਧੁੱਸੀ ਬੰਨ੍ਹ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਸੀ ਪਰ ਮੰਗਲਵਾਰ ਸਵੇਰੇ ਸੱਤ ਵਜੇ ਪਿੰਡ ਮੰਡਾਲਾ, ਦਾਰੇਵਾਲ ਅਤੇ ਸਰੂਪਵਾਲਾ ਨੇੜੇ ਬੰਨ੍ਹ ਟੁੱਟ ਗਿਆ ਅਤੇ ਪਾਣੀ ਦੀ ਤੇਜ਼ੀ ਨਾਲ ਲੋਕਾਂ ਦੇ ਘਰਾਂ ਅਤੇ ਖੇਤਾਂ 'ਚ ਭਰਨਾ ਸ਼ੁਰੂ ਹੋ ਗਿਆ। ਲੋਕਾਂ ਨੇ ਆਪਣੇ ਪਸ਼ੂ ਅਤੇ ਹੋਰ ਸਾਮਾਨ ਸੁਰੱਖਿਅਤ ਥਾਵਾਂ 'ਤੇ ਭੇਜਿਆ। ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਯੂਸਫਪੁਰ, ਤਕੀਆ, ਭਰੋਆਨਾ, ਸ਼ੇਖਮੰਗਾ, ਗਿੱਦੜਪਿੰਡੀ, ਵਾਟਾਂਵਾਲੀ ਕਲਾਂ, ਵਾਟਾਂਵਾਲੀ ਖੁਰਦ, ਚੰਨਣਵਿੰਡੀ, ਮੀਰਪੁਰ, ਸ਼ੇਰਪੁਰ, ਸਦਾ, ਰਾਮੇ, ਜੱਬੋਵਾਲ, ਸ਼ਾਹਵਾਲਾ, ਭਾਗੋਅਰਾਈਆ, ਸੰਧੂਵਾਲ ਅਤੇ ਨਾਲ ਲੱਗਦੇ ਕੁਝ ਹੋਰ ਪਿੰਡ ਪ੍ਰਭਾਵਿਤ ਹੋਏ ਹਨ। 

PunjabKesari
ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਸੀਨੀਅਰ ਪੁਲਸ ਕਪਤਾਨ ਨੇ ਮੰਗਲਵਾਰ ਮੰਡਾਲਾ ਅਤੇ ਹੋਰਨਾਂ ਪਿੰਡਾਂ ਦਾ ਦੌਰਾ ਕੀਚਾ। ਉਥੇ ਰਾਸ਼ਟਰੀ ਆਫਤ ਮੋਚਨ ਦਲ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ 'ਚ ਮੰਗਲਵਾਰ ਕਿਤੇ ਵੀ ਮੀਂਹ ਨਹੀਂ ਪਿਆ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈਣ ਕਰਕੇ ਦੋਵਾਂ ਸੂਬਿਆਂ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਈ ਥਾਈਂ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ।


shivani attri

Content Editor

Related News