ਲੁਧਿਆਣਾ ਵਾਲਿਆਂ ਲਈ ਖੁਸ਼ਖ਼ਬਰੀ, ਸਾਹਨੇਵਾਲ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਸਸਤੀਆਂ ਉਡਾਣਾਂ

07/20/2017 4:53:55 PM

ਲੁਧਿਆਣਾ— ਕੇਂਦਰ ਸਰਕਾਰ ਦੀ ਉਡਾਣ ਸਕੀਮ ਦਾ ਲਾਭ ਛੇਤੀ ਹੀ ਲੁਧਿਆਣਾ ਅਤੇ ਉਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ਤੋਂ ਕੇਂਦਰ ਸਰਕਾਰ ਦੀ ਉਡਾਣ ਸਕੀਮ ਦੇ ਤਹਿਤ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਚੱਲਦੇ ਸਾਹਨੇਵਾਲ ਏਅਰਪੋਰਟ 'ਤੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮਹੀਨੇ ਦੇ ਅਖੀਰ ਤੱਕ ਏਅਰਪੋਰਟ ਤੋਂ ਹਵਾਈ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਸਕੀਮ ਦੇ ਤਹਿਤ 500 ਕਿਲੋਮੀਟਰ ਦੇ ਦਾਇਰੇ ਤੱਕ ਇਕ ਘੰਟੇ ਦੇ ਹਵਾਈ ਸਫਰ ਦਾ ਕਿਰਾਇਆ ਮਹਿਜ਼ ਢਾਈ ਹਜ਼ਾਰ ਰੁਪਏ ਹੋਵੇਗਾ। 
ਸੂਤਰਾਂ ਮੁਤਾਬਕ ਪਹਿਲਾਂ ਇਕ ਹੀ ਉਡਾਣ ਸ਼ੁਰੂ ਹੋਵੇਗੀ। ਇਨ੍ਹਾਂ 'ਚੋਂ 50 ਫੀਸਦੀ ਸੀਟਾਂ ਉਡਾਣ ਸਕੀਮ ਦੇ ਤਹਿਤ ਢਾਈ ਹਜ਼ਾਰ ਕਿਰਾਏ ਲਈ ਰਿਜ਼ਰਵ ਰਹਿਣਗੀਆਂ। ਸ਼ੁਰੂਆਤ ਵਿਚ ਉਡਾਣਾਂ ਸਿਰਫ ਦਿੱਲੀ ਤੱਕ ਹੋਣਗੀਆਂ ਪਰ ਬਾਅਦ ਵਿਚ ਇਨ੍ਹਾਂ ਨੂੰ ਮੁੰਬਈ ਤੱਕ ਵਧਾਇਆ ਜਾ ਸਕਦਾ ਹੈ। ਫਿਲਹਾਲ ਇਹ ਸੇਵਾ ਹਫਤੇ ਦੇ ਚਾਰ ਦਿਨ ਹੀ ਮਿਲ ਸਕੇਗੀ ਪਰ ਕੁਝ ਦਿਨਾਂ ਬਾਅਦ ਉਸ ਨੂੰ ਰੋਜ਼ਾਨਾ ਦੇ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ। ਲੁਧਿਆਣਾ ਏਅਰਪੋਰਟ ਦੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਲੁਧਿਆਣਾ ਤੇ ਆਸ-ਪਾਸ ਦੇ ਵਪਾਰੀਆਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ।


Related News