ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕੇਂਦਰ : ਹਰਸਿਮਰਤ

Friday, Feb 12, 2021 - 05:17 PM (IST)

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕਿਉਂਕਿ ਇਹ ਫਲਾਈਟ 80 ਫੀਸਦੀ ਭਰ ਕੇ ਚੱਲਣ ਕਾਰਨ ਕਮਰਸ਼ੀਅਲ ਤੌਰ ’ਤੇ ਸਫਲ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਆਪਣੇ ਹਿੱਸੇ ਦੇ ਤਿੰਨ ਕਰੋੜ ਰੁਪਏ ਸਾਲਾਨਾ ਵੀ ਜਾਰੀ ਕਰਨਾ ਯਕੀਨੀ ਬਣਾਵੇ ਤਾਂ ਜੋ ਇਹ ਸਹੂਲਤ ਛੇਤੀ ਤੋਂ ਛੇਤੀ ਮੁੜ ਸ਼ੁਰੂ ਕੀਤੀ ਜਾ  ਸਕੇ। ਬੀਬਾ ਬਾਦਲ ਜਿਨ੍ਹਾਂ ਨੇ ਇਹ ਮਾਮਲਾ ਸੰਸਦ ਵਿਚ ਵੀ ਚੁੱਕਿਆ ਸੀ, ਨੇ ਕਿਹਾ ਕਿ ਕੇਂਦਰ ਸਰਕਾਰ ਸੰਸਦ ਵਿਚ ਗਲਤ ਦਾਅਵਾ ਕਰ ਰਹੀ ਹੈ ਕਿ ਦਿੱਲੀ-ਬਠਿੰਡਾ ਉਡਾਣ ਮੁਸਾਫਰ ਘੱਟ ਹੋਣ ਕਾਰਨ ਚਲਾਉਣਾ ਵਿਹਾਰਕ ਨਹੀਂ ਹੈ ਤੇ ਵੈਲੀਡਿਟੀ ਗੈਪ ਫੰਡਿੰਗ (ਵੀ. ਜੀ. ਐੱਫ) ਸਕੀਮ ਤਹਿਤ ਤਿੰਨ ਸਾਲਾਂ ਮਗਰੋਂ ਇਸ ਲਈ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਤਿੰਨ ਉਮੀਦਵਾਰਾਂ ਨੇ ਛੱਡਿਆ ਚੋਣ ਮੈਦਾਨ

ਬਾਦਲ ਨੇ ਕਿਹਾ ਕਿ ਇਹ ਜਾਣਕਾਰੀ ਅਲਾਇੰਸ ਏਅਰ ਦੇ ਬਿਆਨ ਤੋਂ ਉਲਟ ਹੈ। ਅਲਾਇੰਸ ਏਅਰ ਜੋ ਕਿ ਏਅਰ ਇੰਡੀਆ ਦਾ ਹਿੰਸਾ ਹੈ, ਨੇ ਦਾਅਵਾ ਕੀਤਾ ਹੈ ਕਿ ਦਸੰਬਰ 2016 ਵਿਚ ਸ਼ੁਰੂ ਕੀਤੀ ਗਈ ਦਿੱਲੀ-ਬਠਿੰਡਾ ਫਲਾਈਟ  80 ਫੀਸਦੀ ਸੀਟਾਂ ਭਰ ਕੇ ਚਲਦੀ ਸੀ। ਉੁਨ੍ਹਾਂ ਕਿਹਾ ਕਿ ਇਹ ਏਅਰ ਲਾਈਟ ਕੋਰੋਨਾ ਤੋਂ ਪਹਿਲਾਂ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰਦੀ ਸੀ ਅਤੇ ਕੰਪਨੀ ਇਸ ਨੂੰ ਇਸ ਰੂਟ ’ਤੇ ਰੋਜ਼ਾਨਾ ਦੀ ਫਲਾਈਟ ਵਿਚ ਤਬਦੀਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖਦਿਆਂ ਮੈਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਦੀ ਹਾਂ ਕਿ ਉਹ ਦਿੱਲੀ-ਬਠਿੰਡਾ ਰੂਟ ਦੀ ਕਮਰਸ਼ੀਅਲ ਵਿਹਾਰਕਤਾ ਬਾਰੇ ਆਪਣੀ ਰਿਪੋਰਟ ਦੀ ਮੁੜ ਸਮੀਖਿਆ ਕਰੇ ਤੇ ਇਸ ਰੂਟ ’ਤੇ ਰੋਜ਼ਾਨਾਂ ਫਲਾਈਟਾਂ ਲਈ ਛੇਤੀ ਤੋਂ ਛੇਤੀ ਆਗਿਆ ਦੇਵੇ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਸਮਰਾਲਾ ਦੇ ਇਕ ਹੋਰ ਅੰਦੋਲਨਕਾਰੀ ਕਿਸਾਨ ਦੀ ਗਈ ਜਾਨ

ਹਰਸਿਮਰਤ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ ਅਤੇ ਉਹ ਫਲਾਈਟ ਮੁੜ ਸ਼ੁਰੂ ਕਰਨ ਲਈ ਕੋਈ ਯਤਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਸੇ ਦੀ ਦੇਣਦਾਰੀ ਵੀ ਸਿਰਫ ਵੀ. ਜੀ. ਐੱਫ. ਸਕੀਮ ਦੀ 20 ਫ਼ੀਸਦੀ ਹੀ ਹੈ ਜੋ ਕਿ ਤਿੰਨ ਕਰੋੜ ਰੁਪਏ ਸਾਲਾਨਾ ਬਣਦੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸਕੀਮ ਨੂੰ ਯਕੀਨੀ ਬਣਾਉਣ ਲਈ ਬਹੁਤ ਛੋਟੀ ਰਕਮ ਹੈ ਜਿਸ ਸਦਕਾ ਮਾਲਵਾ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਇਸ ਸੇਵਾ ਦੀ ਜ਼ਰੂਰਤ ਹੈ ਜੋ ਸਥਾਈ ਤੌਰ ’ਤੇ ਬੰਦ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਸ਼ਹਿਰ ਤੋਂ ਵਿਧਾਇਕ ਹਨ, ਨੂੰ ਵੀ ਜੀ. ਐੱਮ. ਸਕੀਮ ਤਹਿਤ ਸੂਬੇ ਦੇ ਹਿੱਸੇ ਦੀ ਰਾਸ਼ੀ ਤੁਰੰਤ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ-ਦਿੱਲੀ ਫਲਾਈਟ ਨਵਿਆਉਣ ਦੀ ਜ਼ਰੂਰਤ ਦਾ ਮਾਮਲਾ ਕੇਂਦਰ ਕੋਲ ਚੁੱਕਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਕੀਮ ਇਸ ਵਿਚ ਕੀਤੀ ਵਿਵਸਥਾ ਅਨੁਸਾਰ ਅਗਲੇ  ਚਾਰ ਹੋਰ ਸਾਲਾਂ ਲਈ ਵਧਾਈ ਜਾਵੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਮੁਲਾਜ਼ਮ ਗਿ੍ਰਫ਼ਤਾਰ, ਏ. ਐੱਸ. ਆਈ. ਫਰਾਰ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਕੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News