ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ
Tuesday, Sep 19, 2017 - 06:49 AM (IST)
ਲੁਧਿਆਣਾ, (ਵਿਪਨ)- ਟਰੇਨਾਂ ਅਤੇ ਸਟੇਸ਼ਨ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਯਾਤਰੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਰੇਲਵੇ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 6 ਤੇ 7 'ਤੇ ਇਕ ਗਿਰੋਹ ਜੋ ਕਿ ਟਰੇਨਾਂ ਅਤੇ ਸੁੰਨਸਾਨ ਸਥਾਨਾਂ 'ਤੇ ਯਾਤਰੀਆਂ ਨੂੰ ਹਥਿਆਰਾਂ ਦੇ ਬਲ 'ਤੇ ਲੁੱਟਦੇ ਹਨ ਦੇ ਕੁਝ ਮੈਂਬਰ ਬੈਠੇ ਹਨ, ਜਿਸ ਦੌਰਾਨ ਏ. ਐੱਸ. ਆਈ. ਜੀਵਨ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਤੁਰੰਤ ਛਾਪੇਮਾਰੀ ਕੀਤੀ ਤਾਂ ਉਥੇ ਜਗਰਾਓਂ ਪੁਲ ਵੱਲ ਬੈਠੇ ਨੌਜਵਾਨਾਂ ਨੇ ਭੱਜਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 5 ਮੋਬਾਇਲ, ਇਕ ਬੈਗ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਵੇਦ ਪ੍ਰਕਾਸ਼ ਜੋ ਕਿ ਸਟੇਸ਼ਨ 'ਤੇ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ ਗਿਰੋਹ ਦਾ ਸਰਗਣਾ ਹੈ, ਰੋਹਤਕ ਹਰਿਆਣਾ ਦਾ ਰਹਿਣ ਵਾਲਾ ਵਿੱਕੀ, ਰਾਏ ਬਰੇਲੀ ਦਾ ਰਹਿਣ ਵਾਲਾ ਰਾਮ ਰਾਜ, ਸੀਵਾਨ ਦਾ ਰਹਿਣ ਵਾਲਾ ਵਿਸ਼ਾਲ, ਰੂਪ ਨਗਰ ਦਾ ਰਹਿਣ ਵਾਲਾ ਜੋਨੀ ਦੇ ਰੂਪ ਵਿਚ ਹੋਈ ਹੈ। ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗਿਰੋਹ ਬਣਾ ਕੇ ਟਰੇਨਾਂ ਅਤੇ ਸਟੇਸ਼ਨ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਯਾਤਰੀਆਂ ਦਾ ਸਾਮਾਨ ਲੁੱਟਦੇ ਅਤੇ ਚੋਰੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ 'ਤੇ ਆਈ. ਪੀ. ਸੀ. ਦੀ ਧਾਰਾ 401,411 ਅਤੇ ਆਰਮਜ਼ ਐਕਟ ਦੀ ਧਾਰਾ 25, 54,59 'ਚ ਮਾਮਲਾ ਦਰਜ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਦੌਰਾਨ ਚੋਰੀ ਅਤੇ ਲੁੱਟ ਦੀਆਂ ਕਈ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ।
