ਧਨਾਸ ਝੀਲ ''ਚ ਮੱਛੀਆਂ ਮਰਨ ਦਾ ਮਾਮਲਾ, ਅੱਜ ਆਵੇਗੀ ਰਿਪੋਰਟ
Thursday, Aug 22, 2019 - 11:45 AM (IST)
ਚੰਡੀਗੜ੍ਹ (ਹਾਂਡਾ) : ਧਨਾਸ ਦੀ ਲੇਕ 'ਚ ਸ਼ੱਕੀ ਹਾਲਾਤ 'ਚ ਮਰੀਆਂ ਸੈਂਕੜੇ ਮੱਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਵਾਈਲਡ ਲਾਈਫ ਵਿਭਾਗ ਨੇ ਪ੍ਰਦੂਸ਼ਣ ਕੰਟਰੋਲ ਦੀ ਲੈਬ 'ਚ ਪਾਣੀ ਦੇ ਸੈਂਪਲ ਭੇਜੇ ਸਨ, ਜਿਸ ਦੀ ਰਿਪੋਰਟ ਅੱਜ ਆਉਣ ਦੀ ਉਮੀਦ ਹੈ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਪਾਣੀ 'ਚ ਜ਼ਹਿਰ ਜਾਂ ਕੋਈ ਕੈਮੀਕਲ ਤਾਂ ਨਹੀਂ, ਭਵਿੱਖ 'ਚ ਕੀ ਟਰੀਟਮੈਂਟ ਕੀਤਾ ਜਾਵੇ ਕਿ ਪਾਣੀ ਦੂਸ਼ਿਤ ਨਾ ਰਹੇ। ਲੇਕ ਦੇ ਆਸ-ਪਾਸ ਕਿਸੇ ਦੇ ਵੀ ਜਾਣ ਦੀ ਮਨਾਹੀ ਹੈ ਅਤੇ ਕਰਮੀ ਉੱਥੇ ਪਹਿਰਾ ਦੇ ਰਹੇ ਹਨ। ਲੇਕ 'ਚ ਬੀਤੇ ਦਿਨ ਵੀ ਮੱਛੀਆਂ ਲੱਭੀਆਂ ਗਈਆਂ ਪਰ ਇਕ-ਦੋ ਹੀ ਮਿਲੀਆਂ, ਭਾਵ ਲੇਕ ਦੀਆਂ ਸਾਰੀਆਂ ਮੱਛੀਆਂ ਮਰ ਚੁੱਕੀਆਂ ਹਨ।
ਪ੍ਰਸ਼ਾਸਨ ਨੇ ਪੀ. ਯੂ. ਦੇ ਜਿਓਲਾਜੀ ਵਿਭਾਗ 'ਚ ਵੀ ਮਰੀਆਂ ਮੱਛੀਆਂ ਭੇਜੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ ਦਾ ਠੀਕ ਕਾਰਨ ਕੀ ਸੀ। ਚੀਫ ਕੰਜ਼ਰਵੇਟਰ ਫਾਰੈਸਟ ਐਂਡ ਵਾਈਲਡ ਲਾਈਫ ਦਵਿੰਦਰ ਦਲਾਈ ਮੁਤਾਬਕ ਉਕਤ ਰਿਪੋਰਟ ਆਉਣ 'ਚ ਅਜੇ 4-5 ਦਿਨ ਹੋਰ ਲੱਗ ਸਕਦੇ ਹਨ, ਜਿਸ ਤੋਂ ਬਾਅਦ ਹੀ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ।