ਬਾਬੇ ਨਾਨਕ ਦੀ ਕਾਲੀ ਵੇਈਂ ’ਚ ਤੀਜੇ ਦਿਨ ਵੀ ਤੜਫ਼-ਤੜਫ਼ ਕੇ ਮਰਦੀਆਂ ਰਹੀਆਂ ਮੱਛੀਆਂ, ਪ੍ਰਸ਼ਾਸਨ ਬੇ-ਪ੍ਰਵਾਹ ਕਿਉਂ?

Monday, Apr 24, 2023 - 12:50 PM (IST)

ਬਾਬੇ ਨਾਨਕ ਦੀ ਕਾਲੀ ਵੇਈਂ ’ਚ ਤੀਜੇ ਦਿਨ ਵੀ ਤੜਫ਼-ਤੜਫ਼ ਕੇ ਮਰਦੀਆਂ ਰਹੀਆਂ ਮੱਛੀਆਂ, ਪ੍ਰਸ਼ਾਸਨ ਬੇ-ਪ੍ਰਵਾਹ ਕਿਉਂ?

ਸੁਲਤਾਨਪੁਰ ਲੋਧੀ (ਅਸ਼ਵਨੀ)-ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪਵਿੱਤਰ ਕਾਲੀ ਵੇਈਂ ’ਚ ਤੀਜੇ ਦਿਨ ਵੀ ਮੱਛੀਆਂ ਤੜਫ਼-ਤੜਫ਼ ਕੇ ਮਰਦੀਆਂ ਰਹੀਆਂ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ। ਜਿਸ ਕਾਰਨ ਸਥਾਨਕ ਲੋਕਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਲਾਕੇ ’ਚ ਇਹ ਵੱਡੇ ਸਵਾਲ ਉੱਠ ਰਹੇ ਹਨ ਕਿ ਆਖਿਰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵੱਲ ਧਿਆਨ ਦੇਣ ਲਈ ਪ੍ਰਸ਼ਾਸਨ ਬੇ-ਪ੍ਰਵਾਹ ਕਿਉਂ ਹੈ? ਦੱਸ ਦੇਈਏ ਕਿ 3 ਦਿਨਾਂ ਤੋਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਆਪਣੇ ਸੇਵਾਦਾਰਾਂ ਨਾਲ ਬਚਾਅ ਕਾਰਜ਼ਾਂ ’ਚ ਲੱਗੇ ਹੋਏ ਹਨ। ਜਦੋਂ ਬੋਟ ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬੂਸੋਵਾਲ ਵਾਲੇ ਪਾਸੇ ਦਾ ਦੌਰਾ ਕੀਤਾ ਤਾਂ ਸਥਿਤੀ ਹੋਰ ਵੀ ਜ਼ਿਆਦਾ ਵਿਸਫੋਟਕ ਨਜ਼ਰ ਆਈ, ਜਿੱਥੇ ਸੜਿਆਂਦ ਮਾਰਦੀਆਂ ਮੱਛੀਆਂ ਦੀਆਂ ਲਾਸ਼ਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੱਡੇ ਸੁਆਲ ਖੜ੍ਹੇ ਕਰ ਰਹੀਆਂ ਸਨ।

PunjabKesari

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੇਕਰ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਕੇਂਦਰ ਪਵਿੱਤਰ ਵੇਈਂ, ਜਿਸ ਨੂੰ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਨ ਪ੍ਰਾਪਤ ਹੈ, ਦੀ ਇਹ ਹਾਲਤ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਦੇ ਲੋਕ ਸਰਕਾਰੀ ਤੰਤਰ ਤੋਂ ਬਾਕੀ ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਆਸ ਕਿਵੇਂ ਰੱਖ ਸਕਦੇ ਹਨ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੇਲੇ ਇਸ ਤਰ੍ਹਾਂ ਅਧਿਕਾਰੀਆਂ ਨੂੰ ਬੇ-ਪ੍ਰਵਾਹ ਕਦੇ ਵੀ ਨਹੀਂ ਵੇਖਿਆ ਗਿਆ, ਜਿਸ ਤਰ੍ਹਾਂ ਦੀ ਲਾ ਪ੍ਰਵਾਹੀ ਪਿਛਲੇ 3 ਦਿਨਾਂ ਤੋਂ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਵਿੱਤਰ ਕਾਲੀ ਵੇਈਂ ’ਚ ਮੱਛੀਆਂ ਦੇ ਮਰਨ ਦੇ ਦੁਖਾਂਤ ਵਾਪਰ ਚੁੱਕੇ ਹਨ, ਉਸ ਵੇਲੇ ਪ੍ਰਸ਼ਾਸਨਿਕ ਅਧਿਕਾਰੀ ਮੱਛੀਆਂ ਨੂੰ ਬਚਾਉਣ ਵੇਲੇ ਸ਼ੁਰੂਆਤੀ ਦੌਰ ਤੋਂ ਹੀ ਸੁਲਤਾਨਪੁਰ ਲੋਧੀ ਪਵਿੱਤਰ ਕਾਲੀ ਵੇਈਂ ਕੰਡੇ ਆ ਕੇ ਪੱਬਾ ਭਾਰ ਹੋ ਕੇ ਬਚਾਅ ਕਾਰਜਾਂ ਵਿਚ ਜੁਟ ਜਾਂਦੇ ਸਨ।

ਇਹ ਵੀ ਪੜ੍ਹੋ : ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੀਆਂ ਤਲਵਾਰਾਂ

ਭਾਵੇਂ ਪਵਿੱਤਰ ਕਾਲੀ ਵੇਈਂ ਅੰਦਰ ਸੋਦੋ ਭੁਲਾਉਣਾ ਦੀਆਂ ਕਾਲੋਨੀਆਂ, ਆਰ. ਸੀ. ਐੱਫ਼. ਅਤੇ ਹੋਰ ਵੱਖ ਥਾਵਾਂ ਤੋਂ ਪੈ ਰਿਹਾ ਗੰਦਾ ਪਾਣੀ ਪਿਛਲੀਆਂ ਸਰਕਾਰਾਂ ਰੋਕ ਨਹੀਂ ਸਕੀਆਂ ਪਰ ਕਿਤੇ ਨਾ ਕਿਤੇ ਉਪਰਾਲੇ ਕਰਨ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਰਹੇ। ਇਸ ਸਮੇਂ ਜਦੋਂ ‘ਆਪ’ ਸਰਕਾਰ ਤੋਂ ਬਹੁਤ ਵੱਡੀਆਂ ਉਮੀਦਾਂ ਸਨ ਤਾਂ ਸਥਿਤੀ ਵਿਚ ਸੁਧਾਰ ਦੀ ਥਾਂ ਅਧਿਕਾਰੀਆਂ ਨੇ ਵੇਈਂ ਦੀ ਪੁੱਛਗਿੱਛ ਹੀ ਕਰਨੀ ਬੰਦ ਕਰ ਦਿੱਤੀ ਹੈ, ਜਿਸ ਦੀ ਗਵਾਹੀ ਭਰਨ ਲਈ ਮੱਛੀਆਂ ਦੀਆਂ ਤੈਰਦੀਆਂ ਲਾਸ਼ਾਂ ਹੀ ਕਾਫ਼ੀ ਹਨ।

PunjabKesari

ਸ਼ਰਧਾਲੂਆਂ ’ਚ ਰੋਸ, ਬੀਮਾਰੀਆਂ ਫੈਲਣ ਦਾ ਬਣਿਆ ਖ਼ਦਸ਼ਾ
ਪਵਿੱਤਰ ਕਾਲੀ ਵੇਈਂ ’ਚ ਮਰ ਰਹੀਆਂ ਮੱਛੀਆਂ ਦੀ ਬਦਬੂ ਹੁਣ ਚਾਰੇ ਪਾਸੇ ਫੈਲਣ ਲੱਗ ਪਈ ਹੈ। ਇਸ ਦੌਰਾਨ ਇਥੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ’ਚ ਫੈਲ ਰਹੀ ਬਦਬੂ ਕਾਰਨ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ’ਤੇ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਭਿਆਨਕ ਬੀਮਾਰੀਆਂ ਵੀ ਫੈਲ ਸਕਦੀਆਂ ਹਨ। ਸ਼ਰਧੂਲਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

‘ਸਭ ਨੂੰ ਪਵਿੱਤਰ ਕਾਲੀ ਵੇਈਂ ਦੀ ਸਾਫ਼-ਸਫ਼ਾਈ ਅਤੇ ਸੁਰੱਖਿਆ ਲਈ ਆਪਸੀ ਮੱਤਭੇਦ ਭੁਲਾ ਕੇ ਅੱਗੇ ਆਉਣ ਦੀ ਲੋੜ’
ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਸੂਬਾ ਪ੍ਰਧਾਨ ਸਰਦੂਲ ਸਿੰਘ ਥਿੰਦ, ਲਖਵਿੰਦਰ ਸਿੰਘ ਕੌੜਾ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਰੰਜੀਤ ਸਿੰਘ ਡੱਲਾ, ਦਿਦਾਰ ਸਿੰਘ ਹਾਂਡਾ, ਮੇਜਰ ਸਿੰਘ ਫੱਤੋਣਵਾਲ, ਸਤਨਾਮ ਸਿੰਘ ਰਾਮੇ ਆਦਿ ਦਾ ਕਹਿਣਾ ਹੈ ਕਿ ਪਵਿੱਤਰ ਕਾਲੀ ਵੇਈਂ ’ਚੋਂ ਬਹੁਤ ਭਿਆਨਕ ਬਦਬੂ ਆਉਣ ਕਾਰਨ ਸੰਗਤਾਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਤੜਫ-ਤੜਫ ਕੇ ਮਰ ਰਹੀਆਂ ਮੱਛੀਆਂ ਅਤੇ ਲਾਸ਼ਾਂ ਨਾਲ ਢੱਕੀ ਵੇਈਂ ਸੰਬੰਧੀ ਤਸਵੀਰਾਂ ਕਾਰਨ ਸੰਗਤਾਂ ਦੇ ਮਨ ਬਲੂੰਦੜ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਸ਼ਰਧਾਲੂਆਂ ਦੇ ਮਨਾਂ ’ਚ ਬਹੁਤ ਵੱਡਾ ਸਥਾਨ ਰੱਖਣ ਵਾਲੀ ਪਵਿੱਤਰ ਕਾਲੀ ਵੇਈਂ ਦੇ ਵਰਤਮਾਨ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ ਤੇ ਉਨ੍ਹਾਂ ਦੇ ਸੇਵਾਦਾਰ 3 ਦਿਨਾਂ ਤੋਂ ਲਗਾਤਾਰ ਪਵਿੱਤਰ ਕਾਲੀ ਵੇਈਂ ’ਚ ਮੱਛੀਆਂ ਨੂੰ ਬਚਾਉਣ ਅਤੇ ਮਰੀਆਂ ਮੱਛੀਆਂ ਦੀਆਂ ਲਾਸ਼ਾਂ ਕੱਢਣ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਸਾਫ਼-ਸਫ਼ਾਈ ਅਤੇ ਸੁਰੱਖਿਆ ਲਈ ਲੋਕਾਂ ਨੂੰ ਆਪਸੀ ਮੱਤਭੇਦ ਭੁਲਾ ਕੇ ਅੱਗੇ ਆਉਣ ਦੀ ਲੋੜ ਹੈ।

PunjabKesari

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਰਿਪੋਰਟ ਤਲਬ ਕਰਨ ਦੇ ਹੁਕਮ
ਉਧਰ, ਮਾਮਲਾ ਦਾ ਸਖਤ ਨੋਟਿਸ ਲੈਂਦਿਆਂ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਨਰਾਜ਼ਗੀ ਜਾਹਿਰ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਜਾਰੀ ਕਰਦੇ ਹੋਏ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਖੁਦ ਸੰਤ ਸੀਚੇਵਾਲ ਵੱਲੋਂ ਖੁਦ ਕਾਂਜਲੀ ਵੈੱਟਲੈਂਡ ਵਿਖੇ ਜਾ ਕੇ ਉੱਥੇ ਬੰਦ ਕੀਤਾ ਗਿਆ ਪਾਣੀ ਦਾ ਗੇਟ ਖੋਲਿਆ ਗਿਆ ਸੀ, ਜਿਸ ਨਾਲ ਬੇਸ਼ੱਕ ਪਾਣੀ ਦਾ ਵਹਾਅ ਤਾਂ ਚੱਲ ਪਿਆ ਪਰ ਪਾਣੀ ਦੇ ਇੱਥੋਂ ਤੱਕ ਨਾ ਆਉਣ ਤੱਕ ਮੱਛੀਆਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਤੋਂ ਖੁੱਸਿਆ ਸਿਆਸੀ ਮੁੱਦਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News