ਸੁਖ਼ਨਾ ਝੀਲ ਨੇੜੇ ਖੁੱਲ੍ਹੇਗਾ ਫਿਸ਼ ਕੈਫੇ, ਕੈਚ ਐਂਡ ਕੁੱਕ ਦੀ ਮਿਲੇਗੀ ਸਹੂਲਤ
Wednesday, Aug 24, 2022 - 11:58 AM (IST)
ਚੰਡੀਗੜ੍ਹ (ਵਿਜੇ) : ਯੂ. ਟੀ. ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਨੇ ਸੁਖ਼ਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਾਪਿਤ ਫਿਸ਼ ਸੀਡ ਫਾਰਮ ਨੂੰ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਮੱਛੀ ਪਾਲਣ ਮਾਹਿਰਾਂ ਦੀ ਟੀਮ ਨੇ ਫਿਸ਼ ਸੀਡ ਫਾਰਮ ਦਾ ਦੌਰਾ ਕੀਤਾ। ਇੱਥੇ ਟੀਮ ਨੇ ਫਾਰਮ 'ਚ ਉਪਲੱਬਧ ਸਹੂਲਤਾਂ ਦਾ ਨਿਰੀਖਣ ਕੀਤਾ।
ਇਸ ਦੌਰਾਨ ਯੂਨੀਵਰਸਿਟੀ ਵਿਭਾਗ ਵੱਲੋਂ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕੀਤਾ ਗਿਆ। ਇਹ ਪ੍ਰਾਜੈਕਟ ਸੁਖ਼ਨਾ ਅਤੇ ਹੋਰ ਜਲ ਸ੍ਰੋਤਾਂ ਦੇ ਪ੍ਰਜਣਨ ਦੀ ਸਹੂਲਤ ਲਈ ਈਕੋ-ਟੂਰਿਜ਼ਮ ਅਤੇ ਬੀਜ ਉਤਪਾਦਨ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਿਤ ਕਰਨ 'ਚ ਮਦਦ ਕਰੇਗਾ। ਵਿਭਾਗ ਵੱਲੋਂ ਮੰਗਲਵਾਰ ਯੂ. ਟੀ. ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਸਬੰਧੀ ਪੇਸ਼ਕਾਰੀ ਦਿੱਤੀ ਗਈ।
ਸਲਾਹਕਾਰ ਨੇ ਡੀਨ ਕਾਲਜ ਆਫ਼ ਫਿਸ਼ਰੀਜ਼ ਦੀ ਤਕਨੀਕੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਚੀਫ਼ ਇੰਜੀਨੀਅਰ ਅਤੇ ਚੀਫ਼ ਆਰਕੀਟੈਕਟ ਦੀ ਮਦਦ ਨਾਲ ਲਾਗੂ ਕਰਨ ਲਈ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਕੈਚ ਅਤੇ ਕੁੱਕ ਸੇਵਾ ਮੁਹੱਈਆ ਕਰਨ ਲਈ ਇਕ ਫਿਸ਼ ਕੈਫੇ ਸਥਾਪਿਤ ਕੀਤਾ ਜਾਵੇਗਾ। ਵਿਭਾਗ ਵੱਲੋਂ ਦੱਸਿਆ ਗਿਆ ਕਿ ਫਾਰਮ 'ਚ ਗੰਬੂਜੀਆ ਮੱਛੀ ਪਾਲਣ ਯੂਨਿਟ ਨੂੰ ਮਜ਼ਬੂਤ ਕੀਤਾ ਜਾਵੇਗਾ, ਜਿਸ ਰਾਹੀਂ ਮਲੇਰੀਆ ’ਤੇ ਕਾਬੂ ਪਾਉਣ ਲਈ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੀ ਮਦਦ ਕੀਤੀ ਜਾਵੇਗੀ।