ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪਹਿਲੀ ਕੌਮੀ ਕਾਨਫਰੰਸ ਅੱਜ : ਪਾਸਲਾ
Thursday, Nov 23, 2017 - 06:54 AM (IST)

ਚੰਡੀਗੜ੍ਹ (ਭੁੱਲਰ) — ਸੀ. ਪੀ. ਆਈ. (ਐੱਮ) ਤੋਂ ਵੱਖ ਹੋ ਕੇ ਬਣੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪਹਿਲੀ ਕੌਮੀ ਕਾਨਫਰੰਸ 23 ਨਵੰਬਰ ਨੂੰ ਚੰਡੀਗੜ੍ਹ ਵਿਚ ਸ਼ੁਰੂ ਹੋਵੇਗੀ ਜੋ ਕਿ 26 ਨਵੰਬਰ ਨੂੰ ਮੋਹਾਲੀ ਵਿਖੇ ਵਿਸ਼ਾਲ ਸੂਬਾਈ ਰੈਲੀ ਨਾਲ ਸਮਾਪਤ ਹੋਵੇਗੀ। ਨਵ-ਗਠਿਤ ਇਸ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਨੇਤਾ ਮੰਗਤ ਰਾਮ ਪਾਸਲਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੀ ਰਾਜਧਾਨੀ 'ਚ ਹੋ ਰਹੀ ਇਸ ਕਾਨਫਰੰਸ ਵਿਚ ਲੋਕ-ਪੱਖੀ ਘੋਲਾਂ ਬਾਰੇ ਠੋਸ ਰਣਨੀਤੀ ਬਣਾ ਕੇ ਗੰਭੀਰ ਵਿਚਾਰ-ਚਰਚਾ ਤੋਂ ਬਾਅਦ ਭਵਿੱਖ ਦੇ ਫੈਸਲੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿਚ 14 ਰਾਜਾਂ ਦੇ 300 ਤੋਂ ਵੱਧ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ। ਰਾਜਧਾਨੀ ਦੇ ਮੱਖਣ ਸ਼ਾਹ ਲੁਬਾਣਾ ਭਵਨ 'ਚ ਹੋਣ ਵਾਲੀ ਇਸ ਕਾਨਫਰੰਸ ਦੇ ਹਾਲ ਦਾ ਨਾਮ ਗੋਦਾਵਰੀ ਪਰੂਲੇਕਰ ਅਤੇ ਸਟੇਜ ਦਾ ਨਾਮ ਸ਼ਹੀਦ ਟੀ. ਪੀ. ਚੰਦਰਸ਼ੇਖਰਨ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਕਾਨਫਰੰਸ ਦੌਰਾਨ ਪਾਰਟੀ ਪ੍ਰੋਗਰਾਮ ਅਤੇ ਰਾਜਸੀ ਮਤਾ ਵੀ ਪਾਸ ਕੀਤਾ ਜਾਵੇਗਾ ਅਤੇ ਆਖਰੀ ਦਿਨ ਨਵੀਂ ਕੇਂਦਰੀ ਕਮੇਟੀ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ। ਪਾਸਲਾ ਨੇ ਦੱਸਿਆ ਕਿ ਪਾਰਟੀ ਦਾ ਮੁੱਖ ਏਜੰਡਾ ਭਾਰਤ ਵਿਚ ਜਮਾਤਹੀਣ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਿਤ ਸੈਕੂਲਰ ਸਮਾਜ ਦੀ ਸਿਰਜਣਾ ਕਰਨਾ ਹੈ। ਪਾਰਟੀ ਇਸ ਦੀ ਪੂਰਤੀ ਲਈ ਜਿੱਥੇ ਮਾਰਕਸਵਾਦ ਤੇ ਲੈਨਿਨਵਾਦ ਦੇ ਵਿਗਿਆਨਕ ਫਲਸਫੇ ਤੋਂ ਸੇਧ ਲਵੇਗੀ, ਉਥੇ ਭਾਰਤੀ ਇਤਿਹਾਸ ਦੇ ਸਾਰੇ ਹਾਂ-ਪੱਖੀ ਲੋਕ ਸੰਘਰਸ਼ਾਂ ਦੀ ਵਿਰਾਸਤ ਨੂੰ ਅੱਗੇ ਵਧਾਏਗੀ। ਸੰਸਦੀ ਰਾਜਨੀਤੀ 'ਚ ਹਿੱਸਾ ਲੈਣ ਤੋਂ ਇਲਾਵਾ ਜ਼ਿਆਦਾ ਕੰਮ ਗੈਰ-ਸੰਸਦੀ ਸੰਘਰਸ਼ਾਂ ਰਾਹੀਂ ਕੀਤਾ ਜਾਵੇਗਾ। ਕੌਮੀ ਕਾਨਫਰੰਸ ਦੌਰਾਨ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ 'ਤੇ ਹੋ ਰਹੇ ਜ਼ੁਲਮ ਤੇ ਔਰਤਾਂ ਵਿਰੁੱਧ ਜਿਣਸੀ ਅਪਰਾਧਾਂ ਅਤੇ ਸੰਘ ਪਰਿਵਾਰ ਦੀਆਂ ਮੋਦੀ ਸਰਕਾਰ ਦੇ ਸਮਰਥਨ ਨਾਲ ਦੇਸ਼ ਦੇ ਜਮਹੂਰੀ ਅਤੇ ਸੈਕੂਲਰ ਸਿਸਟਮ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕੀਤੀ ਜਾਵੇਗੀ।