ਪੰਚਾਇਤੀ ਚੋਣਾਂ 'ਚ ਅਣਗਹਿਲੀ ਵਰਤਣ ਵਾਲਾ ਐੱਸ.ਐੱਚ.ਓ. ਮੁਅੱਤਲ
Sunday, Jan 06, 2019 - 03:29 PM (IST)

ਫਿਰੋਜ਼ਪੁਰ (ਕੁਮਾਰ) - 30 ਦਸੰਬਰ 2018 'ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸੁਰੱਖਿਆ ਦੇ ਪ੍ਰਬੰਧਾਂ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਫਿਰੋਜ਼ਪੁਰ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਮਮਦੋਟ ਥਾਣੇ ਦੇ ਐੱਸ.ਐੱਚ.ਓ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ 'ਚ ਚੋਣਾਂ ਵਾਲੇ ਦਿਨ ਸਬੰਧਤ ਥਾਣਾ ਮਮਦੋਟ ਦੀ ਪੁਲਸ ਵਲੋਂ ਕੀਤੇ ਗਏ ਨਾਕਾਮ ਪ੍ਰਬੰਧਾਂ ਕਰਕੇ ਅਣਪਛਾਤੇ ਵਿਅਕਤੀਆਂ ਨੇ ਬੂਥ 'ਤੇ ਕਬਜ਼ਾ ਕਰਦਿਆਂ ਬੈਲਟ ਬਾਕਸ ਨੂੰ ਅੱਗ ਲਗਾ ਦਿੱਤੀ ਸੀ। ਉਸ ਸਮੇਂ ਹੋਈ ਭੱਜ-ਦੌੜ 'ਚ ਵੋਟ ਪਾਉਣ ਆਏ ਮਹਿੰਦਰ ਸਿੰਘ ਦੀ ਗੱਡੀ ਦੇ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ ਸੀ।
ਦੱਸ ਦੇਈਏ ਕਿ ਵਾਪਰੀ ਇਸ ਘਟਨਾ ਕਾਰਨ ਚੋਣ ਕਮਿਸ਼ਨ ਪੰਜਾਬ ਵਲੋਂ ਲਖਮੀਰ ਕੇ ਹਿਠਾੜ ਪੋਲਿੰਗ ਬੂਥ 'ਤੇ 2 ਜਨਵਰੀ 2019 ਨੂੰ ਦੁਬਾਰਾ ਵੋਟਾਂ ਪਵਾਈਆਂ ਗਈਆਂ ਸਨ। ਦੂਸਰੇ ਪਾਸੇ ਐੱਸ. ਐੱਚ. ਓ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਰਣਜੀਤ ਸਿੰਘ ਨੂੰ ਮੁਅੱਤਲ ਕਰਨ ਤੋਂ ਬਾਅਦ ਉਨ੍ਹਾਂ ਦੀ ਥਾਂ 'ਤੇ ਨਵੇਂ ਐੱਸ.ਐੱਸ.ਓ ਪਰਮਜੀਤ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ।