ਫਿਰੋਜ਼ਪੁਰ-ਫਾਜ਼ਿਲਕਾ ਰੋਡ ''ਤੇ ਦਰੱਖਤ ਡਿੱਗਣ ਕਾਰਨ ਕਈ ਘੰਟੇ ਲੱਗਾ ਜਾਮ
Tuesday, Jun 13, 2017 - 11:16 AM (IST)
ਜਲਾਲਾਬਾਦ(ਮਿੱਕੀ)-ਮੀਂਹ ਤੇ ਹਨੇਰੀ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਦਰੱਖਤ ਡਿੱਗਣ ਕਾਰਨ ਰੋਡ ਬੁਰੀ ਤਰ੍ਹਾਂ ਜਾਮ ਹੋ ਗਿਆ ਤੇ ਕਈ ਘੰਟੇ ਰੋਡ ਜਾਮ ਨਾ ਖੁੱਲ੍ਹਣ ਕਾਰਨ ਆਪਣੀ ਮੰਜ਼ਿਲ ਵੱਲ ਜਾ ਰਹੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਆਈ ਹਨੇਰੀ ਤੇ ਮੀਂਹ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਪਿੰਡ ਸੈਦੇ ਕੇ ਮੋਹਨ ਦੇ ਨਜ਼ਦੀਕ ਮੁੱਖ ਸੜਕ ਉਪਰ ਵੱਡੇ-ਵੱਡੇ ਦਰੱਖਤ ਡਿੱਗ ਪਏ, ਜਿਸ ਕਾਰਨ ਉਕਤ ਰੋਡ ਉਪਰ ਦੀ ਵਾਹਨਾਂ ਦਾ ਗੁਜ਼ਰਣਾ ਬੰਦ ਹੋ ਗਿਆ ਤੇ ਵੇਖਦਿਆਂ ਹੀ ਵੇਖਦਿਆਂ ਬੱਸਾਂ, ਟਰੱਕਾਂ, ਕਾਰਾਂ ਆਦਿ ਦੀਆਂ ਲੰਬੀਆਂ ਲਾਈਨਾਂ ਸੜਕ ਦੇ ਦੋਵੇਂ ਪਾਸੇ ਲੱਗ ਗਈਆਂ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਰੋਡ ਜਾਮ 'ਚ ਫਸੇ ਲੋਕਾਂ ਦੀ ਰਾਹਤ ਲਈ ਕੋਈ ਰਾਹਤ ਕਾਰਜ ਨਾ ਕੀਤੇ ਜਾਣ ਕਾਰਨ ਲੋਕ ਕਰੀਬ 4 ਘੰਟੇ ਤੱਕ ਇਸ ਮੁੱਖ ਮਾਰਗ 'ਤੇ ਰੋਡ ਜਾਮ ਵਿਚ ਫਸੇ ਰਹੇ।
ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ
ਉਕਤ ਰੋਡ ਜਾਮ 'ਚ ਫਸੇ ਲੋਕਾਂ ਨੇ ਦੱਸਿਆ ਕਿ ਦਰੱਖਤ ਡਿੱਗਣ ਕਾਰਨ ਕਰੀਬ 4 ਘੰਟੇ ਜਾਮ ਲੱਗਿਆ ਰਿਹਾ ਪਰ ਇਸ ਦੌਰਾਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਇਥੋਂ ਤੱਕ ਕਿ ਪੁਲਸ ਵਲੋਂ ਵੀ ਮੌਕੇ 'ਤੇ ਪਹੁੰਚ ਕੇ ਰੋਡ ਜਾਮ ਖੁੱਲ੍ਹਵਾਉਣ ਲਈ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਗਈ, ਜਿਸ ਕਾਰਨ ਲੋਕਾਂ ਨੂੰ ਲੰਬਾ ਸਮਾਂ ਉਕਤ ਰੋਡ 'ਤੇ ਫਸੇ ਰਹਿਣਾ ਪਿਆ।
ਪਿੰਡ ਦੇ ਨੌਜਵਾਨ ਮਦਦ ਲਈ ਆਏ ਅੱਗੇ
ਜ਼ਿਕਰਯੋਗ ਹੈ ਕਿ ਰੋਡ ਉਪਰ ਹਨੇਰੀ ਕਾਰਨ ਡਿੱਗੇ ਦਰੱਖਤਾਂ ਨੂੰ ਪਾਸੇ ਕਰਵਾਉਣ ਲਈ ਸ਼ਨੀਵਾਰ ਦੀ ਰਾਤ ਨੂੰ ਪ੍ਰਸ਼ਾਸਨ ਵੱਲੋਂ ਤਾਂ ਕੋਈ ਰਾਹਤ ਕਾਰਜ ਨਹੀਂ ਕੀਤੇ ਗਏ ਪਰ ਉਕਤ ਪਿੰਡ ਦੇ ਨੌਜਵਾਨਾਂ ਨੇ ਵਰ੍ਹਦੇ ਮੀਂਹ ਤੇ ਤੇਜ਼ ਹਨੇਰੀ ਵਿਚ ਵੀ ਰੋਡ ਜਾਮ 'ਚ ਫਸੇ ਲੋਕਾਂ ਨੂੰ ਇਕ ਆਸ ਦੀ ਕਿਰਨ ਵਿਖਾਈ ਤੇ ਰੋਡ ਉਪਰ ਡਿੱਗੇ ਦਰੱਖਤ ਕੱਟ-ਵੱਢ ਕੇ ਇਕ ਪਾਸੇ ਤੋਂ ਵਾਹਨ ਕੱਢਣ ਲਈ ਰਸਤਾ ਸਾਫ ਕੀਤਾ ਪਰ ਪੁਲਸ ਦੀ ਗੈਰ-ਮੌਜੂਦਗੀ ਤੇ ਕਈ ਵਾਹਨ ਚਾਲਕਾਂ ਦੀ ਮਨਮਰਜ਼ੀ ਕਾਰਨ ਵਾਹਨ ਕੱਢਣ ਵਿਚ ਕਾਫੀ ਮੁਸ਼ਕਿਲ ਹੋਈ।
