ਰਾਤ ਦੇ ਹਨ੍ਹੇਰੇ ''ਚ ਨੌਜਵਾਨਾਂ ਨੇ ਘਰ ਬਾਹਰ ਕੀਤੇ ਹਵਾਈ ਫਾਇਰ

Monday, Sep 14, 2020 - 12:05 PM (IST)

ਰਾਤ ਦੇ ਹਨ੍ਹੇਰੇ ''ਚ ਨੌਜਵਾਨਾਂ ਨੇ ਘਰ ਬਾਹਰ ਕੀਤੇ ਹਵਾਈ ਫਾਇਰ

ਲੁਧਿਆਣਾ (ਰਿਸ਼ੀ) : ਐਤਵਾਰ ਰਾਤ ਲਗਭਗ 10 ਵਜੇ ਸ਼ਿਵ ਮੰਦਰ ਰੋਡ, ਪ੍ਰੇਮ ਨਗਰ 'ਚ ਹੌਜਰੀ ਕਾਰੋਬਾਰੀ ਦੇ ਘਰ ਬਾਹਰ ਹਵਾਈ ਫਾਇਰ ਕਰਕੇ ਸਫੈਦ ਰੰਗ ਦੀ ਫਾਰਚੂਨਰ 'ਚ ਆਏ ਦੋ ਦੋਸਤ ਫਰਾਰ ਹੋ ਗਏ। ਫਾਇਰਿੰਗ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਨੰਬਰ-8 ਦੀ ਪੁਲਸ ਜਾਂਚ 'ਚ ਜੁੱਟ ਗਈ। ਪੁਲਸ ਨੇ ਘਟਨਾ ਸਥਾਨ ਤੋਂ 2 ਖਾਲੀ ਖੋਲ ਬਰਾਮਦ ਕੀਤੇ ਹਨ।

ਪੁਲਸ ਇਲਾਕੇ 'ਚ ਲੱਗੇ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਸੀ। ਏ.ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਮੁਤਾਬਕ ਹੌਜਰੀ ਕਾਰੋਬਾਰੀ ਯੁਗੇਸ਼ ਮੈਣੀ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਰਾਤ ਦੇ ਸਮੇਂ ਉਹ ਆਪਣੇ ਘਰ ਦੇ ਬਾਹਰ ਆਂਢ-ਗੁਆਂਢ ਦੇ ਲੋਕਾਂ ਨਾਲ ਬੈਠਾ ਹੋਇਆ ਸੀ। ਉਦੋਂ ਫਾਰਚੂਨਰ ਕਾਰ 'ਚ ਦੋ ਨੌਜਵਾਨ ਆਏ, ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਵੀ ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ ਸੀ ਅਤੇ ਉਨ੍ਹਾਂ ’ਤੇ ਉਸ ਨੇ ਧਾਰਾ-188 ਤਹਿਤ ਵੀ ਕੇਸ ਦਰਜ ਕਰਵਾਇਆ ਸੀ। ਦੋਵਾਂ ਨੇ ਬੇਵਜ੍ਹਾ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਰੋਧ ਕਰਨ ’ਤੇ ਕਾਰ ਭਜਾ ਕੇ ਲੈ ਗਏ।

ਉਹ ਆਪਣੇ ਦੋਸਤ ਨਾਲ ਸ਼ਿਕਾਇਤ ਦਰਜ ਕਰਵਾਉਣ ਕੈਲਾਸ਼ ਨਗਰ ਚੌਂਕੀ 'ਚ ਗਏ, ਜਿਵੇਂ ਹੀ ਉਹ ਚੌਂਕੀ 'ਚੋਂ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆ ਰਹੇ ਸਨ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਕਿ ਉਨ੍ਹਾਂ ਲੜਕਿਆਂ ਵੱਲੋਂ ਫਿਰ ਤੋਂ ਘਰ ਦੇ ਬਾਹਰ ਆ ਕੇ ਹਵਾਈ ਫਾਇਰ ਕੀਤੇ ਜਾ ਰਹੇ ਹਨ। ਪੁਲਸ ਅਨੁਸਾਰ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਫਾਇਰ ਕਰਨ ਵਾਲਾ ਇਕ ਨੌਜਵਾਨ ਕੈਪਟਨ ਵੱਲੋਂ ਇਕ ਓ. ਐੱਸ. ਡੀ. ਦਾ ਖਾਸਮ ਖਾਸ ਹੈ ਅਤੇ ਉਸ ਦੀ ਸ਼ਹਿ ’ਤੇ ਬਦਮਾਸ਼ੀ ਕਰ ਰਿਹਾ ਹੈ। ਪੁਲਸ ਵੱਲੋਂ ਧਾਰਾ 336 , ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।


 


author

Babita

Content Editor

Related News