ਲੁਧਿਆਣਾ : 2 ਟੋਲੀਆਂ ਦੀ ਦੁਸ਼ਮਣੀ ਕਾਰਨ ਅੱਧੀ ਰਾਤੀਂ ਚੱਲੀਆਂ ਗੋਲੀਆਂ, ਦਹਿਸ਼ਤ ਦਾ ਮਾਹੌਲ

Tuesday, Jun 09, 2020 - 01:05 PM (IST)

ਲੁਧਿਆਣਾ : 2 ਟੋਲੀਆਂ ਦੀ ਦੁਸ਼ਮਣੀ ਕਾਰਨ ਅੱਧੀ ਰਾਤੀਂ ਚੱਲੀਆਂ ਗੋਲੀਆਂ, ਦਹਿਸ਼ਤ ਦਾ ਮਾਹੌਲ

ਲੁਧਿਆਣਾ (ਤਰੁਣ) : ਸਥਾਨਕ ਧਰਮਪੁਰਾ ਇਲਾਕੇ 'ਚ ਬੀਤੀ ਰਾਤ ਇਕ ਘਰ 'ਤੇ ਕੁਝ ਲੋਕਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦੇ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦੇ ਦੋਵੇਂ ਬੇਟੇ ਘਰ 'ਚ ਸੁੱਤੇ ਹੋਏ ਸਨ ਕਿ ਕਰੀਬ 1 ਵਜੇ ਸਕੂਟਰ ਅਤੇ ਮੋਟਰਸਾਈਕਲ 'ਤੇ ਸਵਾਰ 5 ਲੋਕ ਉਸ ਦੇ ਘਰ ਬਾਹਰ ਆਏ। ਉਨ੍ਹਾਂ ਨੇ ਘਰ ਦੇ ਦਰਵਾਜ਼ੇ 'ਚੋਂ ਹੱਥ ਪਾ ਕੇ ਅੰਦਰ ਗੋਲੀਆਂ ਚਲਾਈਆਂ ਅਤੇ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ। ਇਸ ਦੌਰਾਨ ਘਰ ਅੰਦਰ ਸੁੱਤੇ ਲੋਕਾਂ ਦਾ ਵਾਲ-ਵਾਲ ਬਚਾਅ ਹੋ ਗਿਆ।

ਇਸ ਤੋਂ ਬਾਅਦ ਉਕਤ ਲੋਕ ਮੌਕੇ ਤੋਂ ਫਰਾਰ ਹੋ ਗਏ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਅਸਲ 'ਚ ਰਾਜਕੁਮਾਰ ਸ਼ਰਮਾ ਦੇ ਭਾਣਜੇ ਨਾਨੂ ਨੇ 4-5 ਮਹੀਨੇ ਪਹਿਲਾਂ ਮਨੀ ਬੈਂਸ ਨਾਂ ਦੇ ਵਿਅਕਤੀ 'ਤੇ ਹਮਲਾ ਕੀਤਾ ਸੀ, ਜੋ ਕਿ ਘੋੜਾ ਕਾਲੋਨੀ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਇਕ ਰੇਸਤਰਾਂ ਦੇ ਬਾਹਰ ਪੁਲਸ ਨੇ ਨਾਨੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਨਾਨੂ ਪਿਛਲੇ ਕਰੀਬ 3-4 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹੈ। ਨਾਨੂ ਤੋਂ ਬਦਲਾ ਲੈਣ ਲਈ ਹੀ ਮਨੀ ਬੈਂਸ ਨੇ ਬੀਤੀ ਰਾਤ ਆਪਣੇ ਸਾਥੀਆਂ ਸਮੇਤ ਉਸ ਦੇ ਘਰ 'ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਮਨੀ ਬੈਂਸ 'ਤੇ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।  ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੂੰ ਮੌਕੇ ਤੋਂ ਕਾਰਤੂਸ ਦੇ 3 ਖੋਲ ਵੀ ਬਰਾਮਦ ਹੋਏ ਹਨ ਅਤੇ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News