ਇੰਡੋ-ਕੈਨੇਡੀਅਨ ਦੇ ਦਫਤਰ ਬਾਹਰ ਲੜਕੀ ਕਾਰਨ ਹੋਈ ਗੈਂਗਵਾਰ ’ਚ ਫਾਇਰਿੰਗ (ਵੀਡੀਓ)

Tuesday, Jul 31, 2018 - 12:52 PM (IST)

ਜਲੰਧਰ, (ਵਰੁਣ)- ਸ਼ਹਿਰ ’ਚ ਲਾਅ ਐਂਡ ਆਰਡਰ ਦੀਅਾਂ ਧੱਜੀਅਾਂ ਉਡਾਈਅਾਂ ਜਾ ਰਹੀਅਾਂ ਹਨ। ਹਰ ਰੋਜ਼ ਕਿਸੇ ਨਾ ਕਿਸੇ ਕਾਂਡ ਨਾਲ ਸ਼ਹਿਰ ’ਚ ਦਹਿਸ਼ਤ ਵਾਲਾ ਮਾਹੌਲ ਬਣ ਜਾਂਦਾ ਹੈ, ਜਦ ਕਿ ਪੁਲਸ ਇਨ੍ਹਾਂ ਘਟਨਾਵਾਂ ਨੂੰ ਰੋਕਣ ’ਚ ਅਸਫਲ ਸਾਬਤ ਹੋ ਰਹੀ ਹੈ। ਸੋਮਵਾਰ ਦੁਪਹਿਰ ਨੂੰ ਵੀ ਸ਼ਹਿਰ ’ਚ ਗੈਂਗਵਾਰ ਦੌਰਾਨ ਚੱਲੀਅਾਂ ਗੋਲੀਅਾਂ ਨਾਲ ਸ਼ਹਿਰ ’ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇੰਡੋ-ਕੈਨੇਡੀਅਨ ਦੇ ਸਾਹਮਣੇ ਸਥਿਤ ਓਰੇਨ ਬਿਊਟੀ ਟ੍ਰੇਨਿੰਗ ਸੈਂਟਰ ਬਾਹਰ ਸੈਂਟਰ ’ਚ ਹੀ ਟਰੇਨਿੰਗ ਲੈ ਰਹੀ ਲੜਕੀ ਨਾਲ ਫਰੈਂਡਸ਼ਿਪ ਕਰਨ ਸਬੰਧੀ ਹੋਏ ਝਗੜੇ  ਨੇ ਗੈਂਗਵਾਰ ਦਾ ਰੂਪ ਧਾਰ ਲਿਆ। ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਅਾਂ ਤਾਂ ਪਹਿਲਾਂ ਇੱਟਾਂ ਚੱਲੀਅਾਂ ਤੇ ਬਾਅਦ ’ਚ ਹੱਥੋਪਾਈ ਦੌਰਾਨ 2 ਵੱਖ-ਵੱਖ ਹਥਿਆਰਾਂ ਨਾਲ ਫਾਇਰਿੰਗ ਵੀ ਹੋਈ। 
2 ਰੌਂਦ ਫਾਇਰ ਹੋਣ ਤੋਂ ਬਾਅਦ ਲੋਕਾਂ ’ਚ ਭੱਜ-ਦੌੜ ਮਚ ਗਈ। ਦੋਵੇਂ ਧਿਰਾਂ ਉਥੋਂ ਖਿਸਕਣ ਲੱਗੀਅਾਂ, ਜਦ ਕਿ ਘਟਨਾ ਵਾਲੀ  ਥਾਂ ’ਤੇ ਮੌਜੂਦ ਇਕ ਪੁਲਸ ਕਰਮਚਾਰੀ ਨੇ ਆਪਣੇ ਅੱਖਾਂ ਨਾਲ ਸਾਰੀ ਵਾਰਦਾਤ ਹੁੰਦੀ ਵੇਖੀ ਤੇ ਪੁਲਸ ਨੂੰ ਸੂਚਨਾ ਦਿੱਤੀ। ਦੇਰ ਸ਼ਾਮ ਪੁਲਸ ਨੇ ਸੂਰਜ ਲਾਹੌਰੀਆ, ਉਨ੍ਹਾਂ ਦੇ ਚਾਚਾ ਲੱਖਾ ਲਾਹੌਰੀਆ, ਭਤੀਜੇ ਅਰਸ਼ ਲਾਹੌਰੀਆ ਸਮੇਤ ਕਰੀਬ 20 ਜਣਿਅਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਕੁਝ ਨੂੰ ਹਿਰਾਸਤ ’ਚ ਵੀ ਲਿਆ ਹੈ।
ਗੋਲੀਅਾਂ ਚੱਲਣ ਦੀ ਸੂਚਨਾ ਮਿਲਦਿਅਾਂ ਹੀ ਡੀ. ਸੀ. ਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਏ. ਡੀ. ਸੀ. ਪੀ. ਮਨਦੀਪ ਸਿੰਘ, ਏ. ਡੀ. ਸੀ. ਪੀ. ਸੂਡਰਵਿਜੀ, ਏ. ਡੀ. ਸੀ. ਪੀ. ਕ੍ਰਾਈਮ, ਏ. ਸੀ. ਪੀ.-4 ਨਵੀਨ ਕੁਮਾਰ, ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਸਮੇਤ ਕਈ ਅਧਿਕਾਰੀ, ਥਾਣਾ 6 ਤੇ 7,  ਨਵੀਂ ਬਾਰਾਂਦਰੀ ਦੀ ਪੁਲਸ ਤੇ ਫੌਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਕ੍ਰਾਈਮ ਸੀਨ ਦੇਖਣ ਵਾਲੇ ਪੁਲਸ ਕਰਮਚਾਰੀ ਓਮ ਪ੍ਰਕਾਸ਼ ਕੋਲੋਂ ਸਾਰੀ ਜਾਣਕਾਰੀ ਲੈ ਕੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਸਾਰੀ ਵਾਰਦਾਤ ਕੈਮਰੇ ’ਚ ਕੈਦ ਹੋ  ਗਈ ਸੀ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੋਮਵਾਰ ਦੁਪਹਿਰ ਨੂੰ ਇੰਡੋ-ਕੈਨੇਡੀਅਨ ਦਫਤਰ ਸਾਹਮਣੇ ਲੜਕੀ ਨੂੰ ਲੈ ਕੇ 2 ਧਿਰਾਂ ’ਚ ਝਗੜਾ ਹੋਇਆ ਜਦਕਿ ਇਕ ਧਿਰ ਵੱਲੋਂ 2 ਵਾਰ ਫਾਇਰਿੰਗ ਕੀਤੀ ਗਈ। ਤੁਰੰਤ ਪੁਲਸ ਅਧਿਕਾਰੀ ਮੌਕੇ ’ਤੇ ਜਾਣ ਲਈ ਰਵਾਨਾ ਹੋਏ। PunjabKesariਸੂਚਨਾ ਦੇਣ ਵਾਲੇ ਪੁਲਸ ਕਰਮਚਾਰੀ ਓਮ ਪ੍ਰਕਾਸ਼ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਇੰਡੋ-ਕੈਨੇਡੀਅਨ ਦਫਤਰ ਕੋਲ ਆਇਆ ਸੀ। ਉਸ ਨੇ ਦੇਖਿਆ ਕਿ 2 ਧਿਰਾਂ  ’ਚ ਦੇਖਦਿਅਾਂ ਹੀ ਦੇਖਦਿਅਾਂ ਇੱਟਾਂ ਚੱਲਣ ਲੱਗੀਅਾਂ ਤੇ ਹੱਥੋਪਾਈ  ਹੋਣ ਲੱਗੀ। 20 ਨੌਜਵਾਨ ਇਕ ਦੂਜੇ ਨਾਲ ਕੁੱਟ-ਮਾਰ ਕਰਨ ਲੱਗੇ। ਇਸ ਦੌਰਾਨ 2 ਨੌਜਵਾਨ ਦੋਨਾਲੀ ਤੇ ਛੋਟਾ ਵੈਪਨ ਲੈ ਕੇ ਆਏ ਤੇ ਦੋਵਾਂ ਨਾਲ ਇਕ-ਇਕ ਫਾਇਰ ਕਰ ਦਿੱਤਾ। ਫਾਇਰ 312 ਤੇ 314 ਬੋਰ ਦੇ ਹਥਿਆਰਾਂ ਨਾਲ ਕੀਤੇ ਗਏ ਸਨ। ਫਾਇਰਿੰਗ ਤੋਂ ਬਾਅਦ ਦੋਵੇਂ ਧਿਰਾਂ ਉਥੋਂ ਭੱਜ ਨਿਕਲੀਅਾਂ। ਫਾਇਰਿੰਗ ਕਰਨ ਵਾਲੀ ਧਿਰ ਸਕਾਰਪੀਓ, ਬਲੈਰੋ, ਇਨੋਵਾ, ਆਈ-10 ਸਮੇਤ 5 ਗੱਡੀਅਾਂ ’ਚ ਸਵਾਰ ਹੋ ਕੇ ਫਰਾਰ ਹੋ ਗਈ। 2 ਨੌਜਵਾਨ  ਛੱਰੇ ਲੱਗਣ ਕਾਰਨ ਜ਼ਖਮੀ ਵੀ ਹੋਏ ਪਰ ਕਿਸੇ ਵੀ ਹਸਪਤਾਲ ’ਚ ਗੰਨ ਸ਼ਾਟ ਨਾਲ ਕੋਈ ਜ਼ਖਮੀ ਮਰੀਜ਼ ਨਹੀਂ ਦਾਖਲ ਹੋਇਆ ਸੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਪੁਲਸ ਕਰਮਚਾਰੀ ਓਮ ਪ੍ਰਕਾਸ਼ ਨੇ ਕੁੱਝ ਗੱਡੀਅਾਂ ਦੇ ਨੰਬਰ ਵੀ ਨੋਟ ਕਰ ਲਏ ਸਨ ਜੋ ਮਿਲਦਿਅਾਂ ਹੀ ਪੁਲਸ ਨੇ ਡੀ. ਟੀ. ਓ. ਦਫਤਰ ਤੋਂ ਡਿਟੇਲ ਕਢਵਾਈ ਤੇ ਰੇਡ ਸ਼ੁਰੂ ਕਰ ਦਿੱਤੀ। ਪੁਲਸ ਨੇ ਦੇਰ ਸ਼ਾਮ ਇਸ ਕੇਸ ’ਚ ਦੋਵੇਂ ਧਿਰਾਂ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਨੰ. 6 ’ਚ ਸੂਰਜ ਲਾਹੌਰੀਆ, ਉਨ੍ਹਾਂ ਦੇ ਚਾਚਾ ਲੱਖਾ ਲਾਹੌਰੀਆ, ਭਤੀਜੇ ਅਰਸ਼ ਲਾਹੌਰੀਆ, 2 ਕਰੀਬੀ ਰਿਸ਼ਤੇਦਾਰ ਸਮੇਤ ਵਿਧਾਇਕ ਦੇ ਭਤੀਜੇ ਅਭੀਲੋਚ ਪੁੱਤਰ ਸੁਰਿੰਦਰ ਵਾਸੀ ਗਰੋਵਰ ਕਾਲੋਨੀ, ਦਿਲਬਾਗ ਨਗਰ ਦੇ ਸ਼ੁਭਮ ਪੁੱਤਰ ਇੰਦਰਜੀਤ, ਪੁਨੀਤ ਪੁੱਤਰ ਹਰੀਦੇਵ ਵਾਸੀ ਨੂਰਮਹਿਲ, ਸਾਹਿਲ ਪੁੱਤਰ ਜਗਦੀਸ਼, ਰਜਤ ਪੁੱਤਰ ਵਿਜੇ ਲਾਲ ਵਾਸੀ ਸ਼ਾਹਕੋਟ, ਸੁੱਖਾ ਵਾਸੀ ਕਾਲਾ ਸੰਘਿਅਾਂ ਕਪੂਰਥਲਾ, ਸੰਦੀਪ ਭਾਰਦਵਾਜ ਵਾਸੀ ਨਿੱਝਰਾਂ ਤੋਂ ਇਲਾਵਾ 20 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। 
ਏ. ਡੀ. ਸੀ. ਪੀ. ਸੂਡਰਵਿਜੀ ਨੇ ਕਿਹਾ ਕਿ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਪਰ ਜਲਦ ਹੀ ਸਾਰਿਅਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਪੁਲਸ ਨੇ ਸੂਰਜ ਲਾਹੌਰੀਆ ਦੇ ਕੁਝ ਕਰੀਬੀ ਰਿਸ਼ਤੇਦਾਰਾਂ ਨੂੰ ਹਿਰਾਸਤ ’ਚ ਲਿਆ ਹੈ ਪਰ ਪੁਲਸ ਅਜੇ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰ ਰਹੀ। ਦੇਰ ਰਾਤ ਪੁਲਸ ਨੇ ਸ਼ੁਭਮ ਨੂੰ ਵੀ ਹਿਰਾਸਤ ’ਚ ਲੈ ਲਿਆ ਸੀ। ਸੂਤਰਾਂ ਦੀ ਮੰਨੀਏ ਤਾਂ ਗੈਂਗਵਾਰ ’ਚ ਸ਼ਾਮਲ ਜ਼ਿਆਦਾਤਰ ਨੌਜਵਾਨ ਆਲੇ-ਦੁਆਲੇ ਦੇ ਪਿੰਡਾਂ ਦੇ ਹਨ। ਉਹ ਸਾਰੇ ਬੱਸ ਸਟੈਂਡ ਕੋਲ ਆਈਲੈਟਸ ਕਰ ਰਹੇ ਹਨ। ਫੋਨ ਕਰ ਕੇ ਉਨ੍ਹਾਂ ਨੌਜਵਾਨਾਂ ਨੂੰ ਉਥੇ ਬੁਲਾਇਆ ਗਿਆ। ਇਹ ਸਟੂਡੈਂਟਸ ਬਿਊਟੀ ਟਰੇਨਿੰਗ ਸੈਂਟਰ ’ਚ ਹੀ ਕੰਮ ਕਰਨ ਵਾਲੇ ਨੌਜਵਾਨ ਦੇ ਪੱਖ ’ਚ ਆਏ ਦੱਸੇ ਜਾ ਰਹੇ ਹਨ।
ਅਜੇ ਤਕ ਕੋਈ ਗ੍ਰਿਫਤਾਰ ਨਹੀਂ ਹੋਇਆ ਹੈ। ਪੁਲਸ ਲਗਾਤਾਰ ਛਾਪੇਮਾਰੀ  ਕਰ ਰਹੀ ਹੈ। ਕਿਸ ਵਿਅਕਤੀ ਦੀ ਕੀ ਭੂਮਿਕਾ ਹੈ ਉਹ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਵੇਗਾ। ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪੁਲਸ ਜਲਦ ਹੀ ਸਾਰਿਅਾਂ ਨੂੰ ਗ੍ਰਿਫਤਾਰ ਕਰ ਲਵੇਗੀ। ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਅਜੇ ਤਕ ਲੜਕੀ ਜਾਂ ਫਿਰ ਦੋਨਾਂ ਧਿਰਾਂ ਦਾ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ ਹੈ।–ਏ. ਡੀ. ਸੀ. ਪੀ. ਸੂਡਰਵਿਜੀ।


Related News