ਸੁਨਿਆਰੇ ਦੀ ਦੁਕਾਨ ''ਤੇ ਅੰਨ੍ਹੇਵਾਹ ਫਾਇਰਿੰਗ, ਦੋ ਦਿਨਾਂ ''ਚ ਦੂਜੀ ਵੱਡੀ ਘਟਨਾ ਨਾਲ ਇਲਾਕੇ ''ਚ ਦਹਿਸ਼ਤ
Thursday, Jun 13, 2024 - 12:10 PM (IST)
ਦੋਰਾਹਾ (ਵਿਨਾਇਕ/ਵਿਪਨ)- ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਬੀਤੀ ਦੇਰ ਸ਼ਾਮ ਇਕ ਸੁਨਿਆਰੇ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀ ਲੱਗਣ ਕਾਰਨ ਦੁਕਾਨ ਦਾ ਮਾਲਕ ਮਾਮੂਲੀ ਜਖ਼ਮੀ ਹੋ ਗਿਆ ਅਤੇ ਦੁਕਾਨ ‘ਤੇ ਲੱਗਾ ਸ਼ੀਸ਼ਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਬਾਜ਼ਾਰ ਵਿਚ ਹਫੜਾ-ਦਫੜੀ ਮੱਚ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਐਕਸ਼ਨ ਮੋਡ 'ਚ CM ਮਾਨ! ਸੱਦ ਲਏ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਹੋਵੇਗੀ ਅਹਿਮ ਮੀਟਿੰਗ
ਪੁਲਸ ਨੂੰ ਦਿੱਤੇ ਬਿਆਨਾਂ 'ਚ ਮਨਪ੍ਰੀਤ ਵਰਮਾ ਪੁੱਤਰ ਪਰਮਜੀਤ ਵਰਮਾ ਵਾਸੀ ਦੋਰਾਹਾ ਨੇ ਦੱਸਿਆ ਕਿ ਅੱਜ ਰਾਤ 8.15 ਵਜੇ ਕਰੀਬ ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਦੁਕਾਨ 'ਤੇ ਆਏ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰ ਕੇ ਦੁਕਾਨ ਮਾਲਕ ‘ਤੇ ਬਾਹਰੋਂ ਹੀ ਹਮਲਾ ਬੋਲ ਦਿੱਤਾ। ਇਸ ਘਟਨਾ ਵਿੱਚ 6 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੁਕਾਨ ਦਾ ਟੌਫ਼ਲ ਸ਼ੀਸ਼ਾ ਬੁਰ੍ਹੀਂ ਤਰ੍ਹਾਂ ਚਕਨਾਚੂਰ ਹੋ ਗਿਆ ਪਰੰਤੂ ਕੁੱਝ ਗੋਲੀਆਂ ਟੌਫਲ ਸ਼ੀਸ਼ੇ ਨੂੰ ਤੌੜ ਕੇ ਆਰ-ਪਾਰ ਕਰ ਗਈਆਂ ਅਤੇ ਉਸਦਾ ਸ਼ਰਲਾ ਦੁਕਾਨ ਮਾਲਕ ਦੇ ਵੀ ਲਗਿਆ ਹੈ।
ਇਸ ਵਾਰਦਾਤ ਸਬੰਧੀ ਸਾਰੀ ਵੀਡੀਓ ਦੁਕਾਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਵਿਚ 2 ਨੌਜਵਾਨ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਦੁਕਾਨ ਬਾਹਰ ਆਉਂਦੇ ਹਨ ਅਤੇ ਇੱਕ ਵੱਲੋਂ 6 ਦੇ ਕਰੀਬ ਗੋਲੀਆਂ ਚਲਾਈਆਂ ਜਾਂਦੀਆਂ ਹਨ, ਜੋ ਬਾਅਦ ਵਿਚ ਫ਼ਰਾਰ ਹੋ ਜਾਂਦੇ ਹਨ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪਾਇਲ ਦੇ ਡੀ.ਐਸ.ਪੀ. ਨਿਖਿਲ ਗਰਗ ਅਤੇ ਦੋਰਾਹਾ ਥਾਣੇ ਦੇ ਐਸਐਚਓ ਇੰਸਪੈਕਟਰ ਰੋਹਿਤ ਸ਼ਰਮਾ ਸਮੇਤ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਹਰ ਐਗਲ ਤੋਂ ਡੁੰਘਾਈ ਨਾਲ ਜਾਂਚ ਕੀਤੀ ਉੱਥੇ ਹੀ ਸੀਸੀਟੀਵੀ ਕੈਮਰੇ ਨੂੰ ਖੰਗਾਲਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਵਾਰਦਾਤ ਦੌਰਾਨ ਪੁਲਸ ਨੇ ਜ਼ਮੀਨ ਉੱਪਰ ਡਿੱਗੇ 4 ਖੋਲ ਅਤੇ ਸੀਸੀਟੀਵੀ ਫੁਟੇਜ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਮਨਪ੍ਰੀਤ ਵਰਮਾ ਦੇ ਬਿਆਨਾਂ ਹੇਠ ਅਣਪਛਾਤਿਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਪ੍ਰਕਿਰਿਆਂ ਸ਼ੁਰੂ ਕਰ ਦਿੱਤੀ ਹੈ। ਇੱਥੇ ਖਾਸ ਜ਼ਿਕਰਯੋਗ ਹੈ ਕਿ ਕਰੀਬ ਡੇਢ-ਦੋ ਸਾਲ ਪਹਿਲਾ ਵੀ ਦੁਕਾਨ ਮਾਲਕ ਉਪਰ ਅਣਪਛਾਤਿਆਂ ਨੇ ਦੁਕਾਨ ਬਾਹਰੋਂ ਗੋਲੀਆਂ ਚਲਾਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪਹਿਲਾ ਬਿਆਨ
2 ਜੱਜਾਂ ਦੀ ਰਿਹਾਇਸ਼ ਤੋਂ ਮਹਿਜ਼ 50 ਗਜ਼ ਦੀ ਦੂਰੀ 'ਤੇ ਵਾਪਰੀ ਘਟਨਾ
ਬੀਤੀ ਦੁਪਹਿਰ ਪਿੰਡ ਬਗਲੀ ਕਲਾ ਵਿਖੇ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਲੁਟੇਰਿਆਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਦੇਰ ਸ਼ਾਮ ਦੋਰਾਹਾ ਦੇ ਰੇਲਵੇ ਰੋਡ 'ਤੇ ਪਰਮਜੀਤ ਜਵੈਲਰ ਦੀ ਦੁਕਾਨ 'ਤੇ ਅੰਨ੍ਹੇਵਾਹ ਗੋਲੀਬਾਰੀ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਦੀ ਢਿੱਲੀ ਕਾਰਗੁਜਾਰੀ ਕਾਰਨ ਅਪਰਾਧਿਕ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ। ਚੋਣਾਂ ਦਾ ਮਾਹੌਲ ਸ਼ਾਂਤ ਹੁੰਦੇ ਹੀ ਅਪਰਾਧਿਕ ਵਾਰਦਾਤਾਂ 'ਚ ਵਾਧਾ ਹੋਇਆ ਹੈ। ਦੋ ਦਿਨਾਂ 'ਚ ਦੂਜੀ ਵੱਡੀ ਅਪਰਾਧਿਕ ਘਟਨਾ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪੁਲਸ ਅਤੇ ਸਰਾਫਾ ਵਪਾਰੀ ਅਨੁਸਾਰ ਬਾਈਕ ’ਤੇ ਆਏ ਦੋਵੇਂ ਨੌਜਵਾਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਜ਼ਿਕਰਯੋਗ ਹੈ ਕਿ ਪਾਇਲ ਵਿਖੇ ਤਾਇਨਾਤ ਦੋ ਜੱਜਾਂ ਦੀ ਰਿਹਾਇਸ਼ ਘਟਨਾ ਵਾਲੇ ਸਥਾਨ ਤੋਂ 50 ਗਜ਼ ਦੀ ਦੂਰੀ 'ਤੇ ਕਰੀਬ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8