ਅਸਲਾ ਡਿਪੂ ''ਚ ਬਾਰੂਦੀ ਧਮਾਕੇ : ਦੋ ਕਿਲੋਮੀਟਰ ਉੱਚੀਆਂ ਲਪਟਾਂ ਨਾਲ ਸ਼ਹਿਰ ਦਹਿਲਿਆ

09/08/2017 3:24:47 AM

ਬਠਿੰਡਾ (ਬਲਵਿੰਦਰ)-ਬਠਿੰਡਾ ਛਾਉਣੀ ਦੇ ਅਸਲਾ ਡਿਪੂ 'ਚ ਹੋਏ ਬਾਰੂਦੀ ਧਮਾਕਿਆਂ ਨਾਲ ਅੱਜ ਦੋ ਕਿਲੋਮੀਟਰ ਉੱਚੀਆਂ ਉੱਠੀਆਂ ਲਪਟਾਂ ਦੇਖ ਕੇ ਸਾਰਾ ਸ਼ਹਿਰ ਦਹਿਲ ਗਿਆ ਕਿਉਂਕਿ ਜੇਕਰ ਅੱਗ ਅਸਲਾ ਡਿਪੂ ਅੰਦਰ ਦਾਖਲ ਹੋ ਜਾਂਦੀ ਤਾਂ ਬਠਿੰਡੇ ਦਾ ਨਾਮੋ-ਨਿਸ਼ਾਨ ਤੱਕ ਮਿਟ ਸਕਦਾ ਸੀ ਪਰ ਫੌਜੀ ਅਧਿਕਾਰੀ ਇਸ ਨੂੰ ਮਾਮੂਲੀ ਹਾਦਸਾ ਕਹਿ ਰਹੇ ਹਨ, ਜਿਸ 'ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ਸੀ।
ਜਾਣਕਾਰੀ ਮੁਤਾਬਕ ਅੱਜ ਸਵੇਰੇ 4.15 ਵਜੇ ਬਠਿੰਡਾ ਸ਼ਹਿਰ ਵਿਚ ਚੜ੍ਹੇ ਦਿਨ ਵਰਗੀ ਰੌਸ਼ਨੀ ਹੋ ਗਈ ਸੀ ਜਦਕਿ ਬੱਦਲਾਂ ਦੀ ਗੜਗੜਾਹਟ ਵੀ ਸੁਣਾਈ ਦੇ ਰਹੀ ਸੀ। ਲੋਕਾਂ ਨੇ ਘਰਾਂ 'ਚੋਂ ਬਾਹਰ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਬੱਦਲਾਂ ਦੀ ਗੜਗੜਾਹਟ ਨਹੀਂ, ਸਗੋਂ ਛਾਉਣੀ ਖੇਤਰ ਵਿਚ ਲਗਾਤਾਰ ਧਮਾਕੇ ਹੋ ਰਹੇ ਹਨ ਜਦਕਿ ਉਥੇ ਹੀ ਬਹੁਤ ਉੱਚੀਆਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ, ਜਿਸ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਦਹਿਲਾ ਦਿੱਤਾ।
ਦੂਜੇ ਪਾਸੇ ਫਾਇਰ ਅਧਿਕਾਰੀ ਬਠਿੰਡਾ ਗੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਛਾਉਣੀ 'ਚ ਅੱਗ ਲੱਗਣ ਬਾਰੇ ਉਨ੍ਹਾਂ ਨੂੰ ਸਵੇਰੇ 5.15 ਵਜੇ ਇਤਲਾਹ ਮਿਲੀ, ਜਿਸ 'ਤੇ ਫਾਇਰ ਬ੍ਰਿਗੇਡ ਸਮੇਤ ਉਹ ਮੌਕੇ 'ਤੇ ਪਹੁੰਚੇ ਪਰ ਉਨ੍ਹਾਂ ਨੂੰ ਡੇਢ ਕਿਲੋਮੀਟਰ ਪਿਛਾਂਹ ਹੀ ਰੱਖਿਆ ਗਿਆ ਕਿਉਂਕਿ ਅੱਗ ਬਹੁਤ ਭਿਆਨਕ ਸੀ। ਛਾਉਣੀ ਦੀਆਂ ਆਪਣੀਆਂ ਅੱਧੀ ਦਰਜਨ ਗੱਡੀਆਂ ਤੇ ਕਈ ਅੱਗ ਬੁਝਾਊ ਟੀਮਾਂ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਸਨ।
ਸੂਤਰਾਂ ਦੀ ਮੰਨੀਏ ਤਾਂ ਸੰਭਾਵਨਾ ਹੈ ਕਿ ਅਸਲਾ ਡਿਪੂ ਵਿਚ ਭਾਰੀ ਮਾਤਰਾ 'ਚ ਬਾਰੂਦ ਆਦਿ ਪਿਆ ਹੈ, ਜਿਥੇ ਇਕ ਵੱਖਰੇ ਸ਼ੈੱਡ 'ਚ ਪਏ ਬਾਰੂਦ ਨੂੰ ਅੱਗ ਲੱਗੀ, ਜਿਥੇ ਦਰਜਨ ਭਰ ਧਮਾਕੇ ਵੀ ਹੋਏ। ਇਥੇ ਲੱਗੀ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਸਨ ਪਰ ਫੌਜੀ ਟੀਮਾਂ ਨੇ ਇਸ 'ਤੇ ਸਮਾਂ ਰਹਿੰਦੇ ਕਾਬੂ ਪਾ ਲਿਆ। ਜੇਕਰ ਅੱਗ ਡਿਪੂ ਅੰਦਰ ਦਾਖਲ ਹੋ ਜਾਂਦੀ ਤਾਂ ਬਠਿੰਡਾ ਸ਼ਹਿਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ।  ਇਸ ਸਬੰਧੀ ਥਾਣਾ ਕੈਂਟ ਦੇ ਮੁਖੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 5 ਵਜੇ ਘਟਨਾ ਬਾਰੇ ਪਤਾ ਲੱਗਾ ਪਰ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਟਨਾ ਵਾਲੇ ਸਥਾਨ 'ਤੇ ਨਹੀਂ ਜਾਣ ਦਿੱਤਾ। ਇਸ ਬਾਰੇ ਉਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਜਾਂ ਇਤਲਾਹ ਨਹੀਂ ਆਈ।


Related News