ਅੱਗ ਨੇ ਕਿਸਾਨਾਂ ''ਤੇ ਵਰ੍ਹਾਇਆ ਕਹਿਰ, ਸਾਢੇ 16 ਕਿੱਲੇ ਫਸਲ ਸੜ ਕੇ ਸੁਆਹ
Sunday, Apr 22, 2018 - 05:34 AM (IST)

ਜਲੰਧਰ, (ਮਾਹੀ)- ਥਾਣਾ ਮਕਸੂਦਾਂ ਅਧੀਨ ਆਉਂਦੇ ਖੇਤਰ ਪਿੰਡ ਨਾਹਰਪੁਰ ਦੇ ਤਿੰਨ ਕਿਸਾਨਾਂ ਦੀ ਅੱਗ ਲੱਗਣ ਕਾਰਨ ਸਾਢੇ 16 ਏਕੜ ਖੜ੍ਹੀ ਕਣਕ ਦੀ ਫਸਲ ਸੜ ਸੁਆਹ ਹੋ ਗਈ। ਅੱਗ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਲੈ ਕੇ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਕਾਫੀ ਜੱਦੋ-ਜਹਿਦ ਕਰ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੀ ਫਸਲ ਸੜ ਕੇ ਸੁਆਹ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਕਣਕ ਸੜ ਚੁੱਕੀ ਸੀ। ਕਿਸਾਨਾਂ ਨੇ ਹੋਏ ਭਾਰੀ ਨੁਕਸਾਨ ਦੀ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਜੋਗਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਪੱਤੜ ਕਲਾਂ ਦੀ ਸਾਢੇ 12 ਕਿੱਲੇ, ਕਰਨੈਲ ਸਿੰਘ ਪੁੱਤਰ ਈਸ਼ਰ ਸਿੰਘ ਦੀ 3 ਕਿੱਲੇ ਤੇ ਪ੍ਰਗਟ ਸਿੰਘ ਪੁੱਤਰ ਈਸ਼ਰ ਸਿੰਘ ਦੀ ਇਕ ਕਿੱਲਾ ਫਸਲ ਸੜ ਕੇ ਸੁਆਹ ਹੋਈ ਹੈ।