ਦਹਾਕੇ ਬਾਅਦ ਨਗਰ ਕੌਂਸਲ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ
Monday, Jul 06, 2026 - 02:07 PM (IST)
ਜਲਾਲਾਬਾਦ (ਮਿੱਕੀ) : ਨਗਰ ਕੌਂਸਲ ਜਲਾਲਾਬਾਦ ਦੀਆਂ ਚੋਣਾਂ ਨੂੰ ਲੈ ਕੇ ਪੂਰਾ ਪੁਲਸ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਪੱਬਾਂ ਭਾਰ ਦਿਖਾਈ ਦਿੱਤਾ ਅਤੇ ਚੋਣਾਂ ਵਾਲੇ ਦਿਨ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਮੁਸਤੈਦੀ ਨਾਲ ਨਿਭਾਈ ਗਈ ਡਿਊਟੀ ਦੇ ਬਲਬੂਤੇ ਕਰੀਬ 3 ਦਹਾਕੇ ਬਾਅਦ ਜਲਾਲਾਬਾਦ ਦੀਆਂ ਇਹ ਚੋਣਾਂ ਬਿਨਾਂ ਕਿਸੇ ਵੱਡੀ ਘਟਨਾ ਦੇ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਇਸ ਲਈ ਐੱਸ. ਐੱਸ. ਪੀ. ਗਗਨਜੀਤ ਸਿੰਘ ਨੇ ਪੁਲਸ ਜਵਾਨਾਂ ਦੀ ਸ਼ਲਾਘਾ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸ. ਐੱਸ. ਪੀ. ਗਗਨਜੀਤ ਸਿੰਘ ਨੇ ਕਿਹਾ ਕਿ ਚੋਣਾਂ ਦਰਮਿਆਨ ਡਿਊਟੀ 'ਤੇ ਤਾਇਨਾਤ ਸਮੂਹ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਨੇ ਬਿਨਾਂ ਕਿਸੇ ਪੱਖਪਾਤ ਦੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਇਸ ਦੇ ਚੱਲਦਿਆਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਮਾਜ ਵਿਰੋਧੀ ਗਤੀਵਿਧੀ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਇਹ ਚੋਣਾਂ ਬਿਨਾਂ ਕਿਸੇ ਭੇਦ ਭਾਵ ਦੇ ਅਮਨ-ਸ਼ਾਂਤੀ ਨਾਲ ਮੁਕੰਮਲ ਕਰਵਾਈਆਂ ਗਈਆਂ ਹਨ।
ਐੱਸ. ਐੱਸ. ਪੀ. ਗਗਨਜੀਤ ਸਿੰਘ ਨੇ ਕਿਹਾ ਕਿ ਇਸ ਲਈ ਸਮੂਹ ਪੁਲਸ ਅਧਿਕਾਰੀ ਅਤੇ ਜਵਾਨ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅੱਤ ਦੀ ਗਰਮੀ ਵਿੱਚ ਧੁੱਪ ਅਤੇ ਗਰਮੀ ਦੀ ਪਰਵਾਹ ਕੀਤੇ ਬਿਨਾਂ ਨਾਗਰਿਕਾਂ ਦੀ ਸੁਰੱਖਿਆ ਕਰਨ ਦੇ ਮੁੱਢਲੇ ਫਰਜ਼ ਨੂੰ ਨਿਭਾਇਆ ਹੈ। ਜ਼ਿਕਰਯੋਗ ਹੈ ਕਿ ਚੋਣਾ ਦੌਰਾਨ ਵਾਰਡ ਨੰਬਰ-12 ਦੇ ਬੂਥ 'ਤੇ ਇੱਕ ਸਮੇਂ 2 ਧਿਰਾਂ ਵਿਚਾਲੇ ਗਰਮਾ-ਗਰਮੀ ਦਾ ਮਹੌਲ ਬਣ ਗਿਆ ਸੀ ਅਤੇ ਇਸ ਦੌਰਾਨ ਹੋਈ ਝੜਪ ਨੂੰ ਵੱਡੇ ਟਕਰਾਅ ਵਿਚ ਬਦਲਣ ਤੋਂ ਪਹਿਲਾਂ ਹੀ ਮੌਕੇ ਤੇ ਮੌਜੂਦ ਥਾਣਾ ਸਿਟੀ ਮੁਖੀ ਸਚਿਨ ਕੰਬੋਜ ਨੇ ਵਿਚ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ। ਨਤੀਜੇ ਵਜੋਂ ਦੋ ਧਿਰਾਂ ਵਿਚ ਹੋ ਰਹੀ ਝੜਪ ਨੂੰ ਮੌਕੇ 'ਤੇ ਰੋਕ ਕੇ ਇਨ੍ਹਾਂ ਚੋਣਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਵਿੱਚ ਥਾਣਾ ਮੁਖੀ ਸਚਿਨ ਕੰਬੋਜ ਨੇ ਵੱਡੀ ਭੂਮਿਕਾ ਨਿਭਾਈ। ਇਸ ਦੇ ਚੱਲਦਿਆਂ ਸੋਸ਼ਲ ਮੀਡੀਆ ਅਤੇ ਸ਼ਹਿਰ ਦੇ ਬਜ਼ਾਰਾਂ ਵਿਚ ਸ਼ਹਿਰ ਵਾਸੀ ਨੌਜਵਾਨ ਥਾਣਾ ਮੁਖੀ ਸਚਿਨ ਕੰਬੋਜ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਆਮ ਹੀ ਵਿਖਾਈ ਅਤੇ ਸੁਣਾਈ ਦਿੱਤੇ।
