ਲੁਧਿਆਣਾ ਹਾਦਸਾ : ਲੋਕਾਂ ਦੀਆਂ ਜਾਨਾਂ ਬਚਾਉਣ ਵਾਲਿਆਂ ਨੂੰ ਮਾਤ ਦੇ ਗਈ ਮੌਤ, ਫਾਇਰ ਬ੍ਰਿਗੇਡ ਨੇ ਖੋਹੇ 6 ਬਹਾਦਰ ਜਵਾਨ
Thursday, Nov 23, 2017 - 02:11 PM (IST)
ਲੁਧਿਆਣਾ : ਸ਼ਹਿਰ ਦੇ ਸੂਫੀਆ ਬਾਗ ਚੌਂਕ 'ਚ ਫੈਕਟਰੀ ਢਹਿਣ ਅਤੇ ਅੱਗ ਲੱਗਣ ਦੀ ਘਟਨਾ ਦੌਰਾਨ ਫਾਇਰ ਬ੍ਰਿਗੇਡ ਨੂੰ ਆਪਣੇ 6 ਬਹਾਦਰ ਅਧਿਕਾਰੀਆਂ ਨੂੰ ਖੋਹਣਾ ਪਿਆ ਹੈ, ਜਿਸ ਕਾਰਨ ਪੂਰੇ ਵਿਭਾਗ ਨੂੰ ਡੂੰਘਾ ਸਦਮਾ ਲੱਗਾ ਅਤੇ ਉਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਕੀਤੀ ਜਾ ਸਕੇਗੀ। ਮ੍ਰਿਤਕ ਅਧਿਕਾਰੀ ਲੋਕਾਂ ਦੀਆਂ ਜਾਨਾਂ ਬਚਾਉਣ 'ਚ ਸਭ ਤੋਂ ਅੱਗੇ ਰਹਿੰਦੇ ਸਨ ਪਰ ਇਸ ਹਾਦਸੇ ਦੌਰਾਨ ਮੌਤ ਨੇ ਉਨ੍ਹਾਂ ਨੂੰ ਹੀ ਮਾਤ ਦੇ ਦਿੱਤੀ। ਫੈਕਟਰੀ ਦੇ ਮਲਬੇ ਹੇਠ ਅਜੇ ਵੀ 3 ਫਾਇਰ ਕਰਮਚਾਰੀ ਦੱਬੇ ਹੋਏ ਹਨ, ਜਿਨ੍ਹਾਂ ਪਰਿਵਾਰਕ ਮੈਂਬਰ ਪ੍ਰਸ਼ਾਸਨ 'ਤੇ ਢਿੱਲੀ ਸਰਚ ਮੁਹਿੰਮ ਦਾ ਦੋਸ਼ ਲਾ ਰਹੇ ਹਨ।
ਸ਼ਮੌਣ ਗਿੱਲ (ਸਬ ਫਾਇਰ ਅਫਸਰ)
ਸਬ ਫਾਇਰ ਅਫਸਰ ਸ਼ਮੌਣ ਗਿੱਲ ਨੇ 24 ਨਵੰਬਰ ਨੂੰ ਆਪਣਾ 54ਵਾਂ ਜਨਮਦਿਨ ਮਨਾਉਣਾ ਸੀ। ਇਸ ਦੇ ਨਾਲ ਹੀ ਸ਼ਮੌਣ ਗਿੱਲ ਨੂੰ ਵਿਭਾਗ ਵਲੋਂ ਤਰੱਕੀ ਦਿੱਤੇ ਜਾਣ ਦੀ ਵੀ ਉਮੀਦ ਸੀ। ਉਨ੍ਹਾਂ ਦੀ ਬੇਟੀ ਸ਼ਹਿਨਾਜ਼ ਗਿੱਲ ਨੇ ਪਿਤਾ ਨੂੰ ਜਨਮਦਿਨ 'ਤੇ ਤੋਹਫੇ ਵਜੋਂ ਦੇਣ ਲਈ ਸੋਨੇ ਦੀ ਅੰਗੂਠੀ ਬਣਾ ਕੇ ਰੱਖੀ ਹੋਈ ਸੀ ਪਰ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਹਿਣ ਲੱਗ ਗਿਆ। ਸ਼ਮੌਣ ਗਿੱਲ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਤਿੰਨ ਮਹੀਨੇ ਪਹਿਲਾਂ ਹੀ ਲੁਧਿਆਣਾ 'ਚ ਟਰਾਂਸਫਰ ਹੋਈ ਸੀ। ਸ਼ਮੌਣ ਗਿੱਲ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਮਲਬੇ 'ਚੋਂ ਬਰਾਮਦ ਕੀਤੀ ਗਈ ਸੀ।
ਰਾਜਕੁਮਾਰ (ਸਬ ਫਾਇਰ ਅਫਸਰ)
ਸ਼ਿਮਲਾਪੁਰੀ ਦੇ ਰਹਿਣ ਵਾਲੇ ਰਾਜਕੁਮਾਰ ਸੋਮਵਾਰ ਨੂੰ ਹੀ ਆਪਣੇ ਘਰ ਤੋਂ ਪੁੱਤਰ ਅਜੀਤ ਨਾਲ ਵਾਪਸ ਆਏ ਸਨ। ਅਜੀਤ ਵੀ ਫਾਇਰ ਬ੍ਰਿਗੇਡ ਦਾ ਅਧਿਕਾਰੀ ਹੀ ਹੈ। ਜਦੋਂ ਫੈਕਟਰੀ ਨੂੰ ਅੱਗ ਲੱਗੀ ਤਾਂ ਦੋਵੇਂ ਪਿਓ-ਪੁੱਤ ਇਕੱਠੇ ਹੀ ਸਨ ਪਰ ਬਾਅਦ 'ਚ ਅਜੀਤ ਕਿਸੇ ਕੰਮ ਨਾਲ ਬਾਹਰ ਚਲਾ ਗਿਆ, ਜਦੋਂ ਕਿ ਰਾਜਕੁਮਾਰ ਅੰਦਰ ਹੀ ਰਹਿ ਗਿਆ। ਜਦੋਂ ਰਾਜਕੁਮਾਰ ਦੀ ਲਾਸ਼ ਬਾਹਰ ਲਿਆਂਦੀ ਗਈ ਤਾਂ ਉਨ੍ਹਾਂ ਦੀ ਪਤਨੀ ਬੇਹੋਸ਼ ਹੋ ਗਈ। ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਅਜੀਤ ਨੇ ਹੌਂਸਲਾ ਨਹੀਂ ਛੱਡਿਆ ਅਤੇ ਬਚਾਅ ਟੀਮ ਨਾਲ ਫੈਕਟਰੀ 'ਚ ਫਸੇ ਹੋਏ ਲੋਕਾਂ ਨੂੰ ਬਚਾਉਣ 'ਚ ਲੱਗ ਗਿਆ।
ਰਾਜਨ ਭਾਟੀਆ (ਫਾਇਰਮੈਨ)
ਫਾਇਰਮੈਨ ਰਾਜਨ ਭਾਟੀਆ ਨੇ ਸੋਮਵਾਰ ਨੂੰ ਹੀ ਆਪਣੇ ਬੇਟੇ ਨੂੰ ਹਸਪਤਾਲ ਲਿਜਾਣ ਲਈ ਛੁੱਟੀ ਲਈ ਸੀ ਪਰ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਉਸ ਨੂੰ ਵਾਪਸ ਬੁਲਾ ਲਿਆ ਗਿਆ। ਰਾਜਕੁਮਾਰ ਦੇ ਘਰ ਉਸ ਦੀ ਪਤਨੀ, 2 ਬੇਟੀਆਂ ਅਤੇ ਇਕ ਬੇਟਾ ਹੈ। ਰਾਜਨ ਉਨ੍ਹਾਂ ਫਾਇਰ ਫਾਈਟਰਾਂ 'ਚ ਸ਼ਾਮਲ ਸਨ, ਜੋ ਅੱਗ ਬੁਝਾਉਣ 'ਚ ਸਭ ਤੋਂ ਅੱਗੇ ਸਨ ਅਤੇ ਆਪਣੇ ਪਰਿਵਾਰ ਦੀ ਕਮਾਈ ਦਾ ਇੱਕੋ-ਇੱਕ ਸਾਧਨ ਸੀ। ਉਸ ਦੇ ਨਾਲ ਦੇ ਸਾਥੀਆਂ ਨੇ ਜਦੋਂ ਉਸ ਦੀ ਲਾਸ਼ ਦੇਖੀ ਤਾਂ ਉਨ੍ਹਾਂ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ।
ਇਸ ਤੋਂ ਇਲਾਵਾ ਵਿਸ਼ਾਲ ਕੁਮਾਰ (ਫਾਇਰਮੈਨ), ਪੂਰਨ ਸਿੰਘ (ਫਾਇਰਮੈਨ) ਅਤੇ ਰਾਜਿੰਦਰ ਸ਼ਰਮਾ (ਸਬ ਫਾਇਰ ਅਫਸਰ) ਨੇ ਵੀ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਫਾਇਰ ਬ੍ਰਿਗੇਡ ਵਿਭਾਗ ਨੂੰ ਇਨ੍ਹਾਂ ਅਧਿਕਾਰੀਆਂ ਦੇ ਦੁਨੀਆ ਤੋਂ ਜਾਣ ਕਾਰਨ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਦੀ ਪੂਰਤੀ ਨਹੀਂ ਕੀਤੀ ਜਾ ਸਕੇਗੀ।