ਦੀਵਾਲੀ ''ਤੇ ਸੁਰੱਖਿਆ ਲਈ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

Sunday, Oct 31, 2021 - 10:40 AM (IST)

ਪਟਿਆਲਾ (ਮਨਦੀਪ ਜੋਸਨ) : ਦੀਵਾਲੀ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਫਾਇਰ ਬ੍ਰਿਗੇਡ ਸ਼ਹਿਰ ’ਚ ਆਪਣੀ ਮੌਜੂਦਗੀ ਦਰਸਾਉਣ ਲਈ ਮੁੱਖ ਖੇਤਰਾਂ ’ਚ ਫਲੈਗ ਮਾਰਚ ਕੱਢੇਗੀ। ਦੀਵਾਲੀ ਮੌਕੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫਾਇਰ ਬ੍ਰਿਗੇਡ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ, ਜਿਸ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ੁਦ ਫਾਇਰ ਬ੍ਰਿਗੇਡ ਦਫ਼ਤਰ ਪੁੱਜੇ। ਮੇਅਰ ਨੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਖ਼ੁਦ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਨਿਗਮ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਫਾਇਰ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਮੇਅਰ ਨੇ ਕਿਹਾ ਕਿ ਹਰ ਸਾਲ ਵਾਂਗ ਦੀਵਾਲੀ ਵਾਲੀ ਰਾਤ ਉਹ ਖ਼ੁਦ ਫਾਇਰ ਬ੍ਰਿਗੇਡ ਦਫ਼ਤਰ ਵਿਚ ਦੇਰ ਰਾਤ ਤੱਕ ਹਾਜ਼ਰ ਰਹਿਣਗੇ ਅਤੇ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ’ਤੇ ਨਜ਼ਰ ਰੱਖਣ ਦੇ ਨਾਲ ਫਾਇਰ ਮੁਲਾਜ਼ਮਾਂ ਦਾ ਹੌਂਸਲਾ ਵਧਾਉਣਗੇ। ਸਹਾਇਕ ਡਵੀਜ਼ਨਲ ਫਾਇਰ ਅਫ਼ਸਰ (ਏ. ਡੀ. ਐੱਫ. ਓ.) ਲਕਸ਼ਮਣ ਦਾਸ ਸ਼ਰਮਾ ਅਤੇ ਸਬ-ਫਾਇਰ ਅਫ਼ਸਰ ਰਜਿੰਦਰ ਕੁਮਾਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ 3 ਤੋਂ 5 ਨਵੰਬਰ ਤੱਕ ਫਾਇਰ ਮੁਲਾਜ਼ਮਾ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਫਾਇਰ ਬ੍ਰਿਗੇਡ ਕੋਲ ਪੰਜ ਫਾਇਰ ਟੈਂਡਰਾਂ, ਇਕ ਸਮਾਰਟ ਟੈਂਡਰ ਅਤੇ ਪੰਜ ਮੋਟਰਸਾਈਕਲਾਂ ਲਈ 66 ਫਾਇਰ ਮੁਲਾਜ਼ਮ ਹਨ। ਦੀਵਾਲੀ ਤੋਂ ਇਕ ਦਿਨ ਪਹਿਲਾਂ ਅਤੇ ਇਕ ਦਿਨ ਬਾਅਦ ਤੱਕ ਇਕ-ਇਕ ਵੱਡਾ ਫਾਇਰ ਟੈਂਡਰ ਬੱਸ ਸਟੈਂਡ, ਜ਼ਿਲ੍ਹਾ ਪ੍ਰੀਸ਼ਦ, ਚਾਂਦਨੀ ਚੌਂਕ, ਸਨੌਰੀ ਅੱਡਾ ਅਤੇ ਪੋਲੋ ਗਰਾਊਂਡ ਵਿਖੇ ਲੱਗਣ ਵਾਲੀ ਪਟਾਕਾ ਮਾਰਕਿਟ ’ਚ ਮੌਜੂਦ ਰਹੇਗਾ। ਦੀਵਾਲੀ ਦੀ ਰਾਤ ਤਿੰਨ ਫਾਇਰ ਫਾਇਟਰ ਬਾਈਕ ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਗਸ਼ਤ ਕਰਨਗੇ।

ਇਹ ਵੀ ਪੜ੍ਹੋ : ਕੀ ਧੀ ਤੋਂ ਬਾਅਦ ਹੁਣ 'ਬਲਵੰਤ ਸਿੰਘ ਰਾਮੂਵਾਲੀਆ' ਵੀ ਭਾਜਪਾ 'ਚ ਸ਼ਾਮਲ ਹੋਣਗੇ?, ਸੁਣੋ ਪੂਰਾ ਇੰਟਰਵਿਊ (ਵੀਡੀਓ)
ਕੀ ਹੋਵੇਗਾ ਫਾਇਰ ਟੈਂਡਰਾਂ ਦਾ ਰੂਟ
ਬੱਸ ਅੱਡੇ ’ਤੇ ਤਾਇਨਾਤ ਫਾਇਰ ਟੈਂਡਰ ਰਾਜਪੁਰਾ ਕਾਲੋਨੀ, ਗੁਰਬਖਸ਼ ਕਾਲੋਨੀ, ਐੱਸ. ਐੱਸ. ਟੀ. ਨਗਰ ਦੇ ਖੇਤਰ ਨੂੰ ਕਵਰ ਕਰੇਗਾ। ਜ਼ਿਲ੍ਹਾ ਪ੍ਰੀਸ਼ਦ ਵਾਲਾ ਤ੍ਰਿਪੜੀ ਤੋਂ ਫੋਕਲ ਪੁਆਇੰਟ ਤੱਕ ਦੇ ਖੇਤਰ ਨੂੰ ਕਵਰ ਕਰੇਗਾ ਅਤੇ ਚਾਂਦਨੀ ਚੌਂਕ ਵਾਲਾ ਫਾਇਰ ਟੈਂਡਰ ਪਟਾਕਾ ਮਾਰਕਿਟ ਸਮੇਤ ਸ਼ਹਿਰ ਦੇ ਅੰਦਰਲੇ ਹਿੱਸੇ ਨੂੰ ਕਵਰ ਕਰੇਗਾ। ਇਸੇ ਤਰਾਂਡ ਕਾਲਾ, ਸਨੌਰ ਸਮੇਤ ਸ਼ਹਿਰ ਦੇ ਪੂਰਬ ’ਚ ਸਥਿਤ ਵਾਲੇ ਇਲਾਕਿਆਂ ਨੂੰ ਤਿਆਗੀ ਮੰਦਰ ਨੇੜੇ ਖੜ੍ਹਾ ਹੋਣ ਵਾਲਾ ਫਾਇਰ ਟੈਂਡਰ ਕਵਰ ਕਰੇਗਾ। ਦੀਵਾਲੀ ਦੀ ਰਾਤ ਨੂੰ ਹਰੇਕ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਆਮ ਦਿਨਾਂ ਨਾਲੋਂ ਇਕ ਘੰਟਾ ਦੇਰੀ ਨਾਲ ਦਿੱਤੀ ਜਾਵੇਗੀ ਤਾਂ ਜੋ ਕਿਸੇ ਅਣਸੁਖਾਵੀਂ ਅੱਗ ਲੱਗਣ ਦੀ ਸੂਰਤ ’ਚ ਪਾਣੀ ਦੀ ਕਮੀ ਨਾ ਹੋਵੇ। ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਨਗਰ ਨਿਗਮ ਦੇ ਸਾਰੇ 17 ਹਾਈਡੈਂਟ (ਫਾਇਰ ਟੈਂਡਰ ’ਚ ਪਾਣੀ ਭਰਨ ਲਈ ਨਿਰਧਾਰਿਤ ਥਾਵਾਂ) ’ਤੇ ਰੈਗੂਲਰ ਬਿਜਲੀ ਸਪਲਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ 'ਚੰਨੀ' ਨੇ ਖੇਤੀ ਕਾਨੂੰਨਾਂ ਬਾਰੇ ਰਾਜੇਵਾਲ ਨੂੰ ਕੀਤਾ ਫੋਨ, ਜਾਣੋ ਦੋਹਾਂ ਵਿਚਕਾਰ ਕੀ ਹੋਈ ਗੱਲਬਾਤ
33 ਮੁਲਾਜ਼ਮ ਦੋ ਸ਼ਿਫਟਾਂ ’ਚ 12-12 ਘੰਟੇ ਕਰਨਗੇ ਡਿਊਟੀ
ਫਾਇਰ ਬ੍ਰਿਗੇਡ ਵੱਲੋਂ ਜਾਰੀ ਫੋਨ ਨੰਬਰ ਜੇਕਰ ਬਿਜ਼ੀ ਹੋਵੇਗਾ ਤਾਂ ਆਪਣੇ-ਆਪ ਫੋਨ ਕਿਸੇ ਹੋਰ ਨੰਬਰ ’ਤੇ ਡਾਇਵਰਟ ਹੋ ਜਾਵੇਗਾ। ਐਮਰਜੈਂਸੀ ਦੀ ਸਥਿਤੀ ’ਚ ਫਾਇਰ ਬ੍ਰਿਗੇਡ ਦਾ ਨੰਬਰ ਹਰ ਸਮੇਂ ਉਪਲੱਬਧ ਰਹੇਗਾ। ਸ਼ਹਿਰ ਵਾਸੀ ਕਿਸੇ ਵੀ ਐਮਰਜੈਂਸੀ ’ਚ 101 ਟੋਲ ਫ੍ਰੀ, 0175-2215956 ਅਤੇ 0175-2215357 ’ਤੇ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਏ. ਡੀ. ਐੱਫ. ਓ. ਲਕਸ਼ਮਣ ਦਾਸ ਸ਼ਰਮਾ ਦੇ ਮੋਬਾਇਲ ਨੰਬਰ 97800-19966 ਜਾਂ ਸਬ-ਫਾਇਰ ਅਫ਼ਸਰ ਰਾਜਿੰਦਰ ਕੁਮਾਰ ਦੇ ਮੋਬਾਇਲ ਨੰਬਰ 97800-20301 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗੋਲਡ ਫਾਈਨਾਂਸ ਕੰਪਨੀਆਂ ਲੁਟੇਰਿਆਂ ਦਾ ਸਾਫਟ ਟਾਰਗੇਟ ਬਣੀਆਂ! ਘਟਨਾਵਾਂ ਦੇ ਬਾਵਜੂਦ ਨਹੀਂ ਵਧਾਈ ਸੁਰੱਖਿਆ
ਦੀਵਾਲੀ ’ਤੇ ਵਰਤੀਆਂ ਜਾਣ ਵਾਲੀਆਂ ਖ਼ਾਸ ਸਾਵਧਾਨੀਆਂ
ਖੁੱਲ੍ਹੇ ’ਚ ਪਟਾਕੇ ਨਾ ਚਲਾਓ, ਘਰਾਂ ਦੀਆਂ ਛੱਤਾਂ ’ਤੇ ਕਬਾੜ ਦਾ ਸਮਾਨ ਰੱਖਣ ਤੋਂ ਪਰਹੇਜ਼ ਕਰੋ, ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦਿਓ, ਮੋਮਬੱਤੀਆਂ ਜਾਂ ਧੂਫ ਆਦਿ ਜਗਾਉਂਦੇ ਸਮੇਂ ਸਾਵਧਾਨ ਰਹੋ, ਬਾਜ਼ਾਰਾਂ ’ਚ ਫਾਇਰ ਬ੍ਰਿਗੇਡ ਦੇ ਲੰਘਣ ਲਈ ਸੜਕਾਂ ਤੇ ਸਮਾਨ ਨਾ ਫੈਲਾਓ, ਅੱਗ ਲਗਾਉਣ ਤੋਂ ਗੁਰੇਜ਼ ਕਰੋ, ਦੀਵਾਲੀ ਦੀ ਰਾਤ ਦੁਕਾਨਾਂ ਜਾ ਫੈਕਟਰੀਆਂ ਦੀ ਬਿਜਲੀ ਸਪਲਾਈ ਨੂੰ ਪੂਰੀ ਤਰਾਂ ਨਾਲ ਬੰਦ ਰੱਖੋ, ਪਟਾਕਾ ਦੁਕਾਨਦਾਰ ਆਪਣੀਆਂ ਦੁਕਾਨਾਂ ’ਚ ਅੱਗ ਬੁਝਾਊ ਯੰਤਰ ਜ਼ਰੂਰ ਰੱਖਣ, ਦੀਵਾਲੀ ਤੋਂ ਪਹਿਲਾਂ ਮੋਬਾਇਲ ’ਚ ਫਾਇਰ ਬ੍ਰਿਗੇਡ ਦਾ ਨੰਬਰ ਫੀਡ ਕਰੋ। ਐਮਰਜੈਂਸੀ ਦੀ ਸਥਿਤੀ ’ਚ ਬਿਨਾਂ ਦੇਰੀ ਫਾਇਰ ਬ੍ਰਿਗੇਡ ਨੂੰ ਕਾਲ ਕਰੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News