ਦੁਕਾਨ ’ਚ ਲੱਗੀ ਅੱਗ, ਮੋਟਰਸਾਈਕਲ ਤੇ ਐਕਟਿਵਾ ਸਮੇਤ ਸਪੇਅਰ ਪਾਰਟਸ ਸੜ ਕੇ ਸੁਆਹ
Tuesday, Jun 09, 2026 - 11:53 PM (IST)
ਫਗਵਾੜਾ (ਜਲੋਟਾ) - ਪਿੰਡ ਚਹੇੜੂ ਦੇ ਨਜ਼ਦੀਕ ਲਾਅ ਗੇਟ ਇਲਾਕੇ ਵਿਚ ਇਕ ਦੋਪਹੀਆ ਵਾਹਨ ਰਿਪੇਅਰਿੰਗ ਵਾਲੀ ਦੁਕਾਨ ਵਿਚ ਅਚਾਨਕ ਲੱਗੀ ਭਿਆਨਕ ਅੱਗ ਕਾਰਨ 2 ਦਰਜਨ ਦੇ ਕਰੀਬ ਮੋਟਰਸਾਈਕਲ, ਐਕਟਿਵਾ ਅਤੇ ਹੋਰ ਦੋਪਹੀਆ ਵਾਹਨਾਂ ਸਮੇਤ ਕੀਮਤੀ ਸਪੇਅਰ ਪਾਰਟਸ ਦਾ ਸਾਮਾਨ ਆਦਿ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਜਾਣ ਦੀ ਸੂਚਨਾ ਮਿਲੀ ਹੈ।
ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਅਧਿਕਾਰਤ ਤੌਰ ’ਤੇ ਪਤਾ ਨਹੀਂ ਚੱਲ ਸਕਿਆ ਹੈ ਪਰ ਪੀੜਤ ਦੁਕਾਨਦਾਰ ਨੇ ਦੋਸ਼ ਲਗਾਇਆ ਹੈ ਕਿ ਉਕਤ ਅਗਨਕਾਂਡ ਪਾਸ ਹੀ ਸਥਿਤ ਇਕ ਡੋਸਾ ਸਟਾਲ ਸੰਚਾਲਕ ਦੀ ਘੋਰ ਲਾਪ੍ਰਵਾਹੀ ਕਾਰਨ ਵਾਪਰਿਆ ਹੈ, ਜਿਸ ਦੇ ਐੱਲ. ਪੀ. ਜੀ. ਗੈਸ ਸਿਲੰਡਰਾਂ ਵਿਚੋਂ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਹੋਇਆ ਹੈ? ਹਾਲਾਂਕਿ ਇਸ ਦੋਸ਼ ਦੀ ਅਧਿਕਾਰੀਕ ਤੌਰ ’ਤੇ ਵਾਪਰੇ ਅੱਗਨੀਗਾਂਡ ਦੀ ਕਿਸੇ ਵੀ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਇਹੋ ਦੱਸੀਆ ਜਾ ਰਹੇ ਹੈ ਕਿ ਰਾਤ ਕਰੀਬ 8:30 ਵਜੇ ਦੇ ਆਸ-ਪਾਸ ਅਚਾਨਕ ਨੇੜੇ ਦੇ ਡੋਸਾ ਸਟਾਲ ਤੋਂ ਅੱਗ ਭੜਕ ਉੱਠੀ। ਚਸ਼ਮਦੀਦਾਂ ਦਾ ਦਾਅਵਾ ਹੈ ਕਿ ਡੋਸਾ ਸਟਾਲ ’ਤੇ ਵਰਤੇ ਜਾ ਰਹੇ ਛੋਟੇ ਗੈਸ ਸਿਲੰਡਰਾਂ ਵਿਚੋਂ ਅਚਾਨਕ ਗੈਸ ਰਿਸਾਅ (ਲੀਕੇਜ਼) ਸ਼ੁਰੂ ਹੋਇਆ, ਜਿਸ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਅੱਗ ਨਾਲ ਲੱਗਦੀ ਮੋਟਰਸਾਈਕਲ ਰਿਪੇਅਰਿੰਗ ਦੀ ਦੁਕਾਨ ਤੱਕ ਫੈਲ ਗਈ?
ਹਕੀਕਤ ’ਚ ਕੀ ਵਾਪਰੀਆ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਦੁਕਾਨ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਡੋਸਾ ਸਟਾਲ ਸੰਚਾਲਕਾਂ ਜਾਂ ਜ਼ਮੀਨ ਦੇ ਮਾਲਕ ਵੱਲੋਂ ਨਹੀਂ ਦਿੱਤੀ ਗਈ, ਬਲਕਿ ਇੱਕ ਅਣਪਛਾਤੇ ਰਾਹਗੀਰ ਨੇ ਫੋਨ ਕਰਕੇ ਉਨ੍ਹਾਂ ਨੂੰ ਦੁਕਾਨ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਜਦੋਂ ਤੱਕ ਪੀੜਤ ਦੁਕਾਨਦਾਰ ਮੌਕੇ ’ਤੇ ਪਹੁੰਚਿਆ ਉਦੋਂ ਤੱਕ ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਪੀੜਤ ਨੇ ਬਦਹਵਾਸ ਹਾਲਤ ਵਿਚ ਦੁਕਾਨ ਦੇ ਬਾਹਰ ਖੜ੍ਹੇ ਕੁਝ ਵਾਹਨਾਂ ਨੂੰ ਜਿਵੇਂ-ਤਿਵੇਂ ਖਿੱਚ ਕੇ ਸੁਰੱਖਿਅਤ ਬਾਹਰ ਕੱਢਿਆ ਪਰ ਦੁਕਾਨ ਦੇ ਅੰਦਰ ਮੌਜੂਦ ਗੱਡੀਆਂ ਅੱਗ ਦੀਆਂ ਭਿਆਨਕ ਲਪਟਾਂ ਵਿਚ ਘਿਰ ਚੁੱਕੀਆਂ ਸਨ। ਦੁਕਾਨ ਦੇ ਅੰਦਰ ਲਗਭਗ 10 ਬਿਲਕੁਲ ਨਵੇਂ ਬ੍ਰਾਂਡੇਡ ਮੋਟਰਸਾਈਕਲ ਅਤੇ ਬਾਕੀ ਗਾਹਕਾਂ ਦੇ ਰਿਪੇਅਰ ਤੇ ਸਰਵਿਸਿੰਗ ਲਈ ਆਏ ਹੋਏ ਦੋਪਹੀਆ ਵਾਹਨ (ਜਿਨ੍ਹਾਂ ਵਿਚ ਮੋਟਰਸਾਈਕਲ ਅਤੇ ਐਕਟਿਵਾ ਸ਼ਾਮਲ ਸਨ) ਖੜ੍ਹੇ ਸਨ, ਜੋ ਪੂਰੀ ਤਰ੍ਹਾਂ ਸੜ ਕੇ ਲੋਹੇ ਦੇ ਮਲਬੇ ਵਿਚ ਤਬਦੀਲ ਹੋ ਗਏ। ਇਸ ਤੋਂ ਇਲਾਵਾ ਦੁਕਾਨ ਵਿਚ ਰੱਖਿਆ ਕੀਮਤੀ ਸਪੇਅਰ ਪਾਰਟਸ ਅਤੇ ਟੂਲਕਿੱਟ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।
ਸਥਾਨਕ ਨਿਵਾਸੀਆਂ ਵੱਲੋਂ ਘਟਨਾ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਹਾਲਾਂਕਿ ਪੀੜਤ ਅਤੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰੀ ਨਾਲ, ਲਗਭਗ ਇੱਕ ਘੰਟੇ ਬਾਅਦ ਮੌਕੇ ’ਤੇ ਪਹੁੰਚੀਆਂ ਸਨ? ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦੇ ਅੰਦਰ ਸਭ ਕੁਝ ਸੜ ਚੁੱਕਾ ਸੀ।
ਹਾਦਸੇ ਤੋਂ ਬਾਅਦ ਪੀੜਤ ਰਾਹੁਲ ਨੇ ਪ੍ਰਸ਼ਾਸਨ ਅਤੇ ਪੁਲਸ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੀੜਤ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਮੁਲਜ਼ਮ ਡੋਸਾ ਸਟਾਲ ਸੰਚਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੀ ਗ਼ਲਤੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਬੇਹੱਦ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਹਰਜ਼ਾਨਾ ਨਹੀਂ ਦੇਣਗੇ।
ਪੀੜਤ ਨੇ ਰੋਂਦੇ ਹੋਏ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਗਾਹਕਾਂ ਦੀਆਂ ਗੱਡੀਆਂ ਦੇ ਹੋਏ ਇਸ ਭਾਰੀ ਨੁਕਸਾਨ ਦੀ ਭਰਪਾਈ ਕਰਨਾ ਉਨ੍ਹਾਂ ਦੇ ਇਕੱਲਿਆਂ ਦੇ ਵੱਸ ਦੀ ਗੱਲ ਨਹੀਂ ਹੈ।
ਮੌਕੇ ’ਤੇ ਪਹੁੰਚੀ ਸਥਾਨਕ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਪ੍ਰਸ਼ਾਸਨ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਹੈ। ਸਥਾਨਕ ਲੋਕਾਂ ਨੇ ਵੀ ਬਾਜ਼ਾਰ ਵਿਚ ਇਸ ਤਰ੍ਹਾਂ ਗੈਰ-ਕਾਨੂੰਨੀ ਰੂਪ ਵਿਚ ਬਿਨਾਂ ਸੁਰੱਖਿਆ ਮਾਪਦੰਡਾਂ ਦੇ ਚਲਾਏ ਜਾ ਰਹੇ ਫੂਡ ਸਟਾਲਾਂ ਅਤੇ ਉੱਥੇ ਸ਼ਰੇਆਮ ਹੋ ਰਹੀ ਘਰੇਲੂ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਵਰਤੋਂ ’ਤੇ ਤਿੱਖਾ ਵਿਰੋਧ ਜਤਾਇਆ ਹੈ। ਲੋਕਾਂ ਨੇ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਪੀੜਤ ਦੁਕਾਨਦਾਰ ਨੂੰ ਉਚਿਤ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ।
