ਕੱਪੜਾ ਫੈਕਟਰੀ ''ਚ ਲੱਗੀ ਅੱਗ
Monday, Oct 30, 2017 - 07:40 AM (IST)
ਲੁਧਿਆਣਾ,(ਪੰਕਜ)-ਫੋਕਲ ਪੁਆਇੰਟ ਫੇਸ 7 ਸਥਿਤ ਕੱਪੜਾ ਬਣਾਉਣ ਵਾਲੀ ਫੈਕਟਰੀ ਵਿਚ ਅਚਾਨਕ ਲੱਗੀ ਅੱਗ ਦੀ ਜਦੋਂ ਖ਼ਬਰ ਫੈਕਟਰੀ ਮਾਲਕਾਂ ਨੇ ਇਲਾਕਾ ਫਾਇਰ ਬ੍ਰਿਗੇਡ ਨੂੰ ਦਿੱਤੀ ਤਾਂ ਉੱਥੋਂ ਦੇ ਸਟਾਫ ਦੇ ਮੂੰਹ ਤੋਂ ਡਰਾਈਵਰ ਮੁਹੱਈਆ ਨਾ ਹੋਣ ਦੀ ਗੱਲ ਸੁਣ ਕੇ ਹੈਰਾਨ ਵਰਕਰਾਂ ਨੇ ਹਿੰਮਤ ਦਿਖਾ ਕੇ ਆਪ ਹੀ ਅੱਗ 'ਤੇ ਕਾਬੂ ਪਾ ਲਿਆ। ਹਾਲਾਂਕਿ ਬਾਅਦ ਵਿਚ ਗਿੱਲ ਰੋਡ ਸਟੇਸ਼ਨ ਤੋਂ ਪਾਣੀ ਦੀ ਗੱਡੀ ਵੀ ਉੱਥੇ ਪੁੱਜ ਗਈ।
ਜਾਣਕਾਰੀ ਮੁਤਾਬਕ ਯੂਨੀਕ ਪ੍ਰੋਸੈੱਸਰਜ਼ ਨਾਮੀ ਕੱਪੜਾ ਬਣਾਉਣ ਵਾਲੀ ਫੈਕਟਰੀ ਵਿਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਘਟਨਾ ਸਮੇਂ 40 ਦੇ ਕਰੀਬ ਕਾਰੀਗਰ ਅੰਦਰ ਕੰਮ ਕਰ ਰਹੇ ਸਨ। ਫੈਕਟਰੀ ਮਾਲਕ ਵਰੁਣ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫੋਕਲ ਪੁਆਇੰਟ ਫਾਇਰ ਬ੍ਰਿਗੇਡ ਨੂੰ ਅੱਗ ਦੀ ਸ਼ਿਕਾਇਤ ਦਿੱਤੀ ਤਾਂ ਉੱਥੋਂ ਜਵਾਬ ਮਿਲਿਆ ਕਿ ਉਨ੍ਹਾਂ ਦਾ ਡਰਾਈਵਰ ਛੁੱਟੀ 'ਤੇ ਹੈ, ਜਿਸ 'ਤੇ ਉਨ੍ਹਾਂ ਨੇ ਗਿੱਲ ਚੌਕ ਦਫਤਰ ਵਿਚ ਫੋਨ ਕੀਤਾ। ਇਸ ਦੌਰਾਨ ਸਾਰੇ ਕਾਰੀਗਰਾਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ 'ਤੇ ਕਾਬੂ ਪਾ ਲਿਆ। ਥਾਣਾ ਮੁਖੀ ਬਿਟਨ ਕੁਮਾਰ ਨੇ ਦੱਸਿਆ ਕਿ ਅੱਗ 'ਤੇ ਸਮਾਂ ਰਹਿੰਦੇ ਕਾਬੂ ਪਾਉਣ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
