ਸੁਨਿਆਰੇ ਦੀ ਦੁਕਾਨ ਬਾਹਰ ਫਾਇਰ ਕਰਨ ਤੇ ਫਿਰੋਤੀ ਮੰਗਣ ਵਾਲਾ ਕਾਬੂ, ਪੁਲਸ ਨੇ ਕੀਤੇ ਖੁਲਾਸੇ

04/11/2020 6:07:52 PM

ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਫਾਇਰ ਕਰਨ ਅਤੇ ਮੋਬਾਇਲ ਫੋਨ 'ਤੇ ਫਿਰੋਤੀ ਦੇ 5 ਲੱਖ ਦੀ ਮੰਗ ਕਰਨ ਵਾਲੇ ਕਥਿਤ ਦੋਸ਼ੀ ਨੂੰ ਨਾਕਾਬੰਦੀ ਦੌਰਾਨ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬਾਅਦ ਵਿਚ ਦੋਸ਼ੀ ਦੀ ਪਹਿਚਾਣ ਸਤਬੀਰ ਸਿੰਘ ਉਰਫ ਸਤਬੀਰਾ ਪੁੱਤਰ ਸਤਵਿੰਦਰਪਾਲ ਸਿੰਘ ਵਾਸੀ ਪਿੰਡ ਰਸੂਲਪੁਰ, ਥਾਣਾ ਮੋਰਿੰਡਾ, ਜ਼ਿਲਾ ਰੋਪੜ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਸ ਕਪਤਾਨ ਖੰਨਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਇੰਸਪੈਕਟਰ ਦਵਿੰਦਰ ਪਾਲ ਸਿੰਘ ਐੱਸ.ਐੱਚ.ਓ. ਦੋਰਾਹਾ ਵੱਲੋਂ ਪਿੰਡ ਰਾਮਪੁਰ ਨਹਿਰ ਪੁੱਲ ਵਿਖੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਤੋਂ ਲੰਗਰ ਛੱਕ ਕੇ ਪੈਦਲ ਆ ਰਹੇ ਦੋਸ਼ੀ ਸਤਬੀਰ ਸਿੰਘ ਉਰਫ ਸਤਬੀਰਾ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇਕ 315 ਬੋਰ ਦਾ ਦੇਸੀ ਕੱਟਾ ਅਤੇ 2 ਜਿੰਦਾ ਕਾਰਤੂਸ 315 ਬੋਰ ਬਰਾਮਦ ਕੀਤੇ ਹਨ।

ਹਰਪ੍ਰੀਤ ਸਿੰਘ ਐੱਸ.ਐੱਸ.ਪੀ. ਖੰਨਾ ਨੇ ਦੱਸਿਆ ਕਿ ਇਸ ਦੀ ਜਾਂਚ ਕਰ ਰਹੀ ਪੁਲਸ ਦੀ ਇਕ ਸਪੈਸ਼ਲ ਟੀਮ ਬਣਾਈ ਗਈ ਸੀ ਅਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਫਾਇਰ ਕਰਨ ਅਤੇ ਮੋਬਾਇਲ ਫੋਨ 'ਤੇ ਫਿਰੋਤੀ ਮੰਗਣ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਦੋਰਾਹਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਫਿਰੋਤੀ ਮੰਗਣ ਵਾਲਾ ਕਥਿਤ ਦੋਸ਼ੀ ਸਤਬੀਰ ਸਿੰਘ ਇਨਾ ਸ਼ਾਤਰ ਹੈ ਕਿ ਉਹ ਫਿਰੋਤੀ ਦੀ ਰਕਮ ਹਾਸਲ ਕਰਨ ਤੋਂ ਇਲਾਵਾ ਸਾਹਨੇਵਾਲ ਦੇ ਕਿਸੇ ਵਪਾਰੀ ਦੇ ਲੜਕੇ ਨੂੰ ਅਗਵਾ ਕਰਨ ਦੀਆ ਸਾਜ਼ਿਸ਼ਾਂ ਵੀ ਘੜ ਰਿਹਾ ਸੀ ਅਤੇ ਲੁਧਿਆਣਾ ਦੇ ਗਿੱਲ ਚੌਕ 'ਚ ਕਿਸੇ ਇੰਡਸਟਰੀ ਦੇ ਦਫਤਰ ਵਿਚ ਡਕੈਤੀ ਮਾਰਕੇ ਪੈਸੇ ਲੁੱਟਣ ਦੀ ਯੋਜਨਾ ਵੀ ਬਣਾ ਰਿਹਾ ਸੀ, ਜਿਸਦੀ ਅੱਗੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਸ ਮੁੱਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਸਤਬੀਰ ਸਿੰਘ ਉਰਫ ਸਤਬੀਰਾ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਸਬੰਧੀ ਦੋਸ਼ੀ ਖਿਲਾਫ ਕਈ ਮੁਕੱਦਮੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਨੇ 16 ਮਾਰਚ ਨੂੰ ਦਿੱਲੀ ਏਅਰਪੋਰਟ ਤੋਂ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਆਉਣ ਲਈ ਲੁਧਿਆਣਾ ਤੋਂ ਟੈਕਸੀ ਕਿਰਾਏ 'ਤੇ ਲਈ ਸੀ ਅਤੇ ਅੰਬਾਲਾ ਪਾਸ ਉਸਦੇ ਡਰਾਇਵਰ ਤੋਂ ਸਵਿਫਟ ਡਿਜ਼ਾਇਰ ਕਾਰ ਖੋਹ ਲਈ ਅਤੇ 17 ਮਾਰਚ ਨੂੰ ਕਾਰ ਉਪਰ ਜਾਅਲੀ ਨੰਬਰ ਲਗਾ ਕੇ ਦੋਰਾਹਾ ਵਿਖੇ ਪਰਮਜੀਤ ਜਿਊਲਰਜ਼ ਦੀ ਦੁਕਾਨ ਦੇ ਬਾਹਰ ਫਾਇਰ ਕੀਤੇ ਅਤੇ ਉਸਦੇ ਭਤੀਜੇ ਭੁਪਿੰਦਰ ਵਰਮਾ ਉਰਫ ਰਾਜੂ ਨੂੰ ਫੋਨ 'ਤੇ ਵਟਸਅੱਪ ਕਾਲ ਕਰਕੇ 5 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ। 

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ 20 ਮਾਰਚ ਨੂੰ ਦੋਸ਼ੀ ਆਪਣੇ ਤਿੰਨ ਸਾਥੀਆਂ ਸਮੇਤ ਉਕਤ ਕਾਰ ਵਿਚ ਸਵਾਰ ਹੋ ਕੇ ਸਿਧਵਾਂ ਸਾਈਡ ਨੂੰ ਆ ਰਿਹਾ ਸੀ, ਜਿੱਥੇ ਸਿਧਵਾਂ ਪੁਲਸ ਵੱਲੋਂ ਨਾਕਾਬੰਦੀ ਕੀਤੀ ਦੇਖ ਕੇ ਕਥਿਤ ਦੋਸ਼ੀ ਸਤਬੀਰ ਸਿੰਘ ਉਰਫ ਸਤਬੀਰਾ ਕਾਰ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਉਪਰੰਤ ਸਿਧਵਾਂ ਪੁਲਸ ਨੇ ਉਕਤ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ। ਉਪਰੰਤ ਉਕਤ ਦੋਸ਼ੀ ਨੇ ਰਸਤੇ ਵਿਚ ਇਕ ਰਾਹਗੀਰ ਨੂੰ ਅਸਲਾ ਦਿਖਾ ਕੇ ਉਸਦਾ ਮੋਟਰਸਾਈਕਲ ਖੋਹ ਲਿਆ ਅਤੇ ਫਰਾਰ ਹੋ ਗਏ। ਐੱਸ.ਐੱਸ.ਪੀ. ਖੰਨਾ ਨੇ ਅੱਗੇ ਦੱਸਿਆ ਕਿ ਦੋਸ਼ੀ ਸਤਬੀਰ ਸਿੰਘ ਖਿਲਾਫ ਐੱਨ.ਡੀ.ਪੀ.ਐੱਸ ਐਕਟ ਅਧੀਨ ਲੁਧਿਆਣਾ ਦੇ ਥਾਣਾ ਡਵੀਜਨ ਨੰਬਰ 7 ਅਤੇ ਥਾਣਾ ਸਾਹਨੇਵਾਲ ਵਿਖੇ ਵੀ ਮੁਕੱਦਮੇ ਦਰਜ ਹਨ।


Gurminder Singh

Content Editor

Related News