ਸੂਬਾ ਪੁਲਸ ਮੁਖੀ ਹੋ ਕੇ ਅਪਰਾਧੀਆਂ ਦੇ ਹੁਕਮ ਮੰਨਣ ਵਾਲੇ ਚਟੋਪਾਧਿਆਏ ਖ਼ਿਲਾਫ਼  FIR ਹੋਵੇ ਦਰਜ : ਸੁਖਬੀਰ ਬਾਦਲ

Monday, Jan 24, 2022 - 11:18 PM (IST)

ਮੁਹਾਲੀ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬਾ ਪੁਲਸ ਮੁਖੀ ਹੁੰਦੇ ਹੋਏ ਅਪਰਾਧੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਇਥੇ ਪਾਰਟੀ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਦਾ ਦੇ ਹੱਕ ਵਿਚ ਪ੍ਰਚਾਰ ਕਰਨ ਵੇਲੇ ਇਕ ਪ੍ਰਮੁੱਖ ਅਖ਼ਬਾਰ ਵੱਲੋਂ ਮਾਮਲੇ ਨੂੰ ਬੇਨਕਾਬ ਕਰਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟੇਪਾਂ ਸਾਹਮਣੇ ਆ ਗਈਆਂ ਹਨ ਕਿ ਡੀ. ਜੀ. ਪੀ. ਭੋਲਾ ਨਸ਼ਾ ਮਾਮਲੇ ਦੇ ਦੋਸ਼ੀ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਇਕ ਅਪਰਾਧੀ ਨੇ ਡੀ. ਜੀ. ਪੀ. ਨੂੰ  ਕੁਝ ਪੁਲਸ ਅਫ਼ਸਰਾਂ ਦਾ ਤਬਾਦਲਾ ਕਰਨ, ਕੁਝ ਖੂੰਖਾਰ ਕੈਦੀਆਂ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ’ਚ ਤਬਦੀਲ ਕਰਨ ਅਤੇ ਮੁਹਾਲੀ ’ਚ ਗੈਰ-ਕਾਨੂੰਨੀ ਹਿਰਾਸਤੀ ਕੇਂਦਰ ਖੋਲ੍ਹਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼ (ਵੀਡੀੇਓ)

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਧਾਰਥ ਚਟੋਪਾਧਿਆਏ ਦੇ ਨਸ਼ਾ ਸੌਦਾਗਰ ਜਗਦੀਸ਼ ਭੋਲਾ ਨਾਲ ਨੇੜਲੇ ਸੰਬੰਧ ਹੁਣ ਜਨਤਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਅਫਸਰ ਨਸ਼ਾ ਤਸਕਰਾਂ ਦੇ ਨਾਲ-ਨਾਲ ਦਾਗ਼ੀ ਪੁਲਸ ਅਫ਼ਸਰਾਂ ਨਾਲ ਰਲ ਕੇ ਕੰਮ ਕਰ ਰਿਹਾ ਹੈ। ਇਸ ਲਈ ਇਸ ਦੇ ਖ਼ਿਲਾਫ ਬਿਨਾਂ ਹੋਰ ਦੇਰੀ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਿਯਮ ਛਿੱਕੇ ਟੰਗ ਕੇ ਚਟੋਪਾਧਿਆਏ ਨੂੰ ਸੂਬੇ ਦਾ ਡੀ. ਜੀ. ਪੀ. ਕਿਉਂ ਨਿਯੁਕਤ ਕੀਤਾ ਸੀ। ਹਾਲਾਂਕਿ ਉਹ ਇਸ ਅਹੁਦੇ ਦੇ ਯੋਗ ਵੀ ਨਹੀਂ ਸਨ। ਚੰਨੀ ਨੇ ਇਹ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ ਰਲਗੱਡ ਕਰ ਦਿੱਤੀਆਂ, ਜੋ ਉਨ੍ਹਾਂ ਦੇ ਭਾਣਜੇ ਦੇ ਘਰੋਂ ਵੱਡੀ ਮਾਤਰਾ ’ਚ ਨਕਦੀ ਅਤੇ ਸੋਨਾ ਬਰਾਮਦ ਹੋਣ ਤੋਂ ਵੀ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਚਟੋਪਾਧਿਆਏ ਦੇ ਸਾਰੇ ਮਾਮਲੇ ਪਤਾ ਸਨ ਤੇ ਉਸ ਦੇ ਖ਼ਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)

ਬਾਦਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੁੰ ਪੁੱਛਿਆ ਕਿ ਜਿਸ ਅਫਸਰ ਨੂੰ ਉਨ੍ਹਾਂ ਦੇ ਸਿਖ਼ਰਲੀ ਅਕਾਲੀ ਲੀਡਰਸ਼ਿਪ ਦੇ ਖ਼ਿਲਾਫ ਕੇਸ ਦਰਜ ਕਰਨ ਵਾਸਤੇ ਨਿੱਜੀ ਤੌਰ ’ਤੇ ਚੁਣਿਆ ਸੀ, ਉਸ ਦੇ ਖ਼ਿਲਾਫ਼ ਪੁਖ਼ਤਾ ਸਬੂਤ ਸਾਹਮਣੇ ਆਉਣ ਮਗਰੋਂ ਉਹ ਕਿਉਂ ਚੁੱਪ ਹਨ ? ਉਨ੍ਹਾਂ ਕਿਹਾ ਕਿ ਸਿੱਧੂ ਦੱਸਣ ਕਿ ਉਨ੍ਹਾਂ ਨੇ ਅਜਿਹੇ ਅਫ਼ਸਰ ਨੂੰ ਸੂਬਾ ਪੁਲਸ ਦੀ ਅਗਵਾਈ ਕਰਨ ਦੀ ਆਗਿਆ ਕਿਉਂ ਦਿੱਤੀ, ਹਾਲਾਂਕਿ ਉਹ ਨਿੱਜੀ ਰੰਜਿਸ਼ਾਂ ਕੱਢਣ ਲਈ ਜਾਣਿਆ ਜਾਂਦਾ ਸੀ ਤੇ ਹੁਣ ਵੀ ਸਿੱਧੂ ਚਟੋਪਾਧਿਆਏ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਚੁੱਪ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਜਨਤਕ ਹੋਈਆਂ ਟੇਪ ਰਿਕਾਰਡਿੰਗਜ਼ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਕੇਸ ਦਾ ਖੇਤਰ ਵਿਚ ਨਸ਼ੇ ਦੇ ਵਪਾਰ ਨਾਲ ਸਿੱਧਾ ਸੰਬੰਧ ਹੈ ਪਰ ਡੀ. ਜੀ. ਪੀ. ਤੇ ਉਸਦੇ ਸਿਆਸੀ ਆਕਾਵਾਂ ਤੇ ਹੋਰ ਕਈ ਕਾਲੀਆਂ ਭੇਡਾਂ ਇਸ ਨਸ਼ੇ ਦੇ ਕਾਰੋਬਾਰ ’ਚ ਲੱਗੇ ਹਨ। ਇਨ੍ਹਾਂ ਦੀ ਪਛਾਣ ਹੋਣੀ ਚਾਹੀਦੀ ਹੈ, ਇਨ੍ਹਾਂ ਖ਼ਿਲਾਫ ਕੇਸ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਕਰ ਕੇ ਇਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ‘ਆਪ’ ਦੇ ਉਮੀਦਵਾਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)


Manoj

Content Editor

Related News