ਨੌਕਰੀ ਦਿਵਾਉਣ ਦੇ ਨਾਂ ’ਤੇ 96 ਹਜ਼ਾਰ ਰੁਪਏ ਠੱਗੇ, ਪਰਚਾ ਦਰਜ
Tuesday, Aug 13, 2024 - 11:36 AM (IST)
ਚੰਡੀਗੜ੍ਹ (ਸੁਸ਼ੀਲ) : ਨੌਕਰੀ ਦਿਵਾਉਣ ਦੇ ਨਾਂ ’ਤੇ ਮੋਹਾਲੀ ਰੇਲਵੇ ਸਟੇਸ਼ਨ ’ਤੇ ਕੰਮ ਕਰਨ ਵਾਲੇ ਵਿਅਕਤੀ ਨੇ ਮੌਲੀਜਾਗਰਾਂ ਨਿਵਾਸੀ ਤੋਂ 96 ਹਜ਼ਾਰ 600 ਰੁਪਏ ਠੱਗ ਲਏ। ਜਾਂਚ ਤੋਂ ਬਾਅਦ ਥਾਣਾ ਮੌਲੀਜਾਗਰਾਂ ਪੁਲਸ ਨੇ ਮੌਲੀ ਕੰਪਲੈਕਸ ਦੇ ਸੋਹਣ ਸਿੰਘ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਮੌਲੀਜਾਗਰਾਂ ਵਾਸੀ ਸ਼ਾਹਨਵਾਜ਼ ਨੇ ਸ਼ਿਕਾਇਤ ’ਚ ਦੱਸਿਆ ਕਿ 19 ਜਨਵਰੀ 2023 ਨੂੰ ਸੋਹਣ ਸਿੰਘ ਨੇ ਫੋਨ ਕਰਕੇ ਨੌਕਰੀ ਲਗਵਾਉਣ ਦੀ ਗੱਲ ਕਹੀ। ਸੋਹਣ ਸਿੰਘ ਨੇ ਕਿਹਾ ਕਿ ਇਕ ਮਹੀਨੇ ਅੰਦਰ ਜੁਆਇਨਿੰਗ ਲੈਟਰ ਮਿਲ ਜਾਵੇਗਾ, ਜਿਸ ਲਈ 2 ਲੱਖ ਰੁਪਏ ਅਦਾ ਕਰਨੇ ਪੈਣਗੇ।
ਸ਼ਾਹਨਵਾਜ਼ ਨੇ 50 ਹਜ਼ਾਰ ਨਕਦ ਦਿੱਤੇ ਤੇ ਬਾਕੀ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਦੇਣ ਦਾ ਫ਼ੈਸਲਾ ਕੀਤਾ ਗਿਆ। 31 ਜਨਵਰੀ ਨੂੰ ਸੋਹਨ ਸਿੰਘ ਨੇ ਫੋਨ ਕਰਕੇ ਕਿਹਾ ਕਿ ਉਹ ਜੁਆਈਨਿੰਗ ਲੈਟਰ ਬਣਵਾ ਰਿਹਾ ਹੈ ਅਤੇ 30 ਹਜ਼ਾਰ ਰੁਪਏ ਜਮ੍ਹਾਂ ਕਰਵਾ ਦੇਵੇ। ਪਹਿਲੀ ਫਰਵਰੀ ਨੂੰ 20 ਹਜ਼ਾਰ ਰੁਪਏ ਖ਼ਾਤੇ ’ਚ ਜਮ੍ਹਾਂ ਕਰਵਾ ਦਿੱਤੇ। ਮੁਲਜ਼ਮ ਸ਼ਿਕਾਇਤਕਰਤਾ ਨੂੰ ਸੋਹਾਣਾ ਹਸਪਤਾਲ ਲੈ ਗਿਆ ਅਤੇ 1500 ਰੁਪਏ ਲੈ ਕੇ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਫੋਨ ਆਇਆ ਤੇ ਦਿੱਲੀ ਦਫ਼ਤਰ ਦੇਣ ਬਾਰੇ ਦੱਸ ਕੇ 10 ਹਜ਼ਾਰ ਰੁਪਏ ਮੰਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੋਹਣ ਸਿੰਘ ਕਿਸੇ ਨਾ ਕਿਸੇ ਬਹਾਨੇ ਪੈਸੇ ਮੰਗਦਾ ਰਿਹਾ। ਉਸ ਨੇ ਕੁੱਲ 96 ਹਜ਼ਾਰ 600 ਰੁਪਏ ਦਿੱਤੇ। ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ’ਤੇ ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।