ਨਕਲੀ ਲੂਣ ਅਤੇ ਚਾਹ ਪੱਤੀ ਬਣਾਉਣ ਵਾਲੀਆਂ ਟ੍ਰੇਡਿੰਗ ਕੰਪਨੀਆਂ ਖ਼ਿਲਾਫ਼ ਕੇਸ ਦਰਜ
Thursday, Oct 21, 2021 - 01:59 PM (IST)
ਮੋਹਾਲੀ (ਸੰਦੀਪ) : ਟਾਟਾ ਕੰਪਨੀ ਦੇ ਨਾਂ ’ਤੇ ਨਕਲੀ ਲੂਣ ਅਤੇ ਚਾਹ ਪੱਤੀ ਬਣਾਉਣ ਵਾਲੀਆਂ ਤਿੰਨ ਵੱਖ-ਵੱਖ ਟ੍ਰੇਡਿੰਗ ਕੰਪਨੀਆਂ ਖ਼ਿਲਾਫ਼ ਬਲੌਂਗੀ ਥਾਣਾ ਪੁਲਸ ਨੇ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕਰਦਿਆਂ ਕਾਰਵਾਈ ਕੀਤੀ ਹੈ। ਜਾਂਚ ਅਧਿਕਾਰੀ ਅਨੁਸਾਰ ਟ੍ਰੇਡਿੰਗ ਕੰਪਨੀਆਂ ਦਾ ਸੰਚਾਲਨ ਕਰਨ ਵਾਲਿਆਂ ਕੋਲੋਂ 4-5 ਲੱਖ ਰੁਪਏ ਦਾ ਨਕਲੀ ਲੂਣ ਅਤੇ ਚਾਹ ਪੱਤੀ ਬਰਾਮਦ ਹੋਈ ਹੈ।
ਜਾਂਚ ਅਧਿਕਾਰੀ ਅਨੁਸਾਰ ਮੋਹਾਲੀ ਸਥਿਤ ਇਕ ਨਿੱਜੀ ਕੰਪਨੀ ਵਿਚ ਫੀਲਡ ਮੈਨੇਜਰ ਵੱਜੋਂ ਕੰਮ ਕਰਨ ਵਾਲੇ ਚੰਦਰਸ਼ੇਖਰ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਟਾਟਾ ਕੰਪਨੀ ਨੇ ਇਹ ਅਧਿਕਾਰ ਦਿੱਤੇ ਹੋਏ ਹਨ ਕਿ ਜੇਕਰ ਕੋਈ ਟਾਟਾ ਕੰਪਨੀ ਦੇ ਨਾਂ ’ਤੇ ਨਕਲੀ ਚਾਹ ਪੱਤੀ ਜਾਂ ਲੂਣ ਬਣਾਉਣ ਜਾਂ ਵੇਚਣ ਦਾ ਕੰਮ ਕਰਦਾ ਹੈ ਤਾਂ ਪੁਲਸ ਦੀ ਮਦਦ ਲੈ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾ ਸਕਦੇ ਹੋ। ਮੰਗਲਵਾਰ ਬਲੌਂਗੀ ਤੋਂ ਖਰੜ ਇਲਾਕੇ ਵਿਚ ਸਰਵੇ ਕੀਤਾ ਗਿਆ।
ਜਾਂਚ ਦੌਰਾਨ ਪਤਾ ਚੱਲਿਆ ਕਿ ਇੱਥੇ ਸਥਿਤ ਤਿੰਨ ਵੱਖ-ਵੱਖ ਟ੍ਰੇਡਿੰਗ ਕੰਪਨੀਆਂ ਟਾਟਾ ਕੰਪਨੀ ਦੇ ਨਾਂ ’ਤੇ ਨਕਲੀ ਚਾਹ ਪੱਤੀ ਅਤੇ ਲੂਣ ਬਣਾ ਕੇ ਵੇਚ ਰਹੀਆਂ ਹਨ। ਪੁਲਸ ਨੇ ਜਦੋਂ ਸਕਿਓਰਿਟੀ ਨੈੱਟਵਰਕ ਟੀਮ ਨਾਲ ਛਾਪਾ ਮਾਰਿਆ ਤਾਂ ਪੁਲਸ ਨੂੰ ਭਾਰੀ ਮਾਤਰਾ ਵਿਚ ਨਕਲੀ ਲੂਣ ਅਤੇ ਚਾਹ ਪੱਤੀ ਬਰਾਮਦ ਹੋਈ। ਪੁਲਸ ਨੇ ਸਾਰਾ ਸਮਾਨ ਕਬਜ਼ੇ ਵਿਚ ਲੈ ਕੇ ਕੰਪਨੀਆਂ ਦੇ ਸੰਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਹੈ।