ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਮਾਮਲੇ ''ਚ ਤਿੰਨ ਖਿਲਾਫ ਕੇਸ ਦਰਜ, 1 ਗ੍ਰਿਫਤਾਰ

11/29/2017 4:42:44 AM

ਸੁਲਤਾਨਪੁਰ ਲੋਧੀ, (ਧੀਰ)- ਨਾਬਾਲਗਾ ਨਾਲ ਜਬਰ-ਜ਼ਨਾਹ ਤੇ ਧਮਕੀਆਂ ਦੇ ਕੇ ਉਸਨੂੰ ਜ਼ਬਰਦਸਤੀ ਰਾਜ਼ੀਨਾਮਾ ਕਰਨ ਦੇ ਦਬਾਅ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਨੌਜਵਾਨਾਂ 'ਤੇ ਕੇਸ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਬੀਬੜੀ ਥਾਣਾ ਸੁਲਤਾਨਪੁਰ ਲੋਧੀ ਦੀ ਇਕ ਲੜਕੀ ਮਨਪ੍ਰੀਤ ਕੌਰ (ਕਾਲਪਨਿਕ ਨਾਮ) ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਨੂੰ 3 ਨੌਜਵਾਨ ਗੁਰਸ਼ਰਨਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੰਗਾ ਰੋਡਾ ਥਾਣਾ ਸਦਰ ਕਪੂਰਥਲਾ, ਮਨਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮਨਸੂਰਵਾਲ ਦੋਨਾ ਤੇ ਪਰਮਿੰਦਰ ਸਿੰਘ ਵਾਸੀ ਸੈਦੋਵਾਲ ਬੀਤੇ 13 ਨਵੰਬਰ ਨੂੰ ਸਵੇਰੇ ਕਰੀਬ ਸਾਢੇ 11 ਵਜੇ ਉਸਦੇ ਘਰ ਆਏ ਤੇ ਉਸਦੀ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਖਿੱਚ ਕੇ ਉਸਨੂੰ ਬਾਹਰ ਲੈ ਕੇ ਜਾਣ ਲੱਗੇ ਤੇ ਲੜਕੀ ਵਲੋਂ ਰੌਲਾ ਪਾਉਣ 'ਤੇ ਉਹ ਦੌੜ ਗਏ। 
ਲੜਕੀ ਦੇ ਪਿਤਾ ਦੇ ਬਿਆਨਾਂ ਮੁਤਾਬਕ ਉਕਤ ਨੌਜਵਾਨ ਗੁਰਸ਼ਰਨਪ੍ਰੀਤ ਸਿੰਘ ਪਹਿਲਾਂ ਵੀ ਉਸਦੀ ਲੜਕੀ ਦਾ ਪਿੱਛਾ ਕਰਦਾ ਸੀ ਤੇ ਲੜਕੀ ਉਪਰ ਤੇਜ਼ਾਬ ਪਾਉਣ ਤੇ ਭਰਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਕਰੀਬ 3 ਮਹੀਨੇ ਪਹਿਲਾਂ ਉਕਤ ਲੜਕੇ ਨੇ ਉਸਨੂੰ ਬਹਿਲਾ-ਫੁਸਲਾ ਕੇ ਉਸਦੇ ਨਾਲ ਜਬਰ ਜ਼ਨਾਹ ਵੀ ਕੀਤਾ ਤੇ ਉਸ ਦੀਆਂ ਫੋਟੋਆਂ ਖਿੱਚ ਕੇ ਉਸ ਨੂੰ ਬਲੈਕਮੇਲ ਕਰਕੇ ਧਮਕੀਆਂ ਵੀ ਦਿੱਤੀਆਂ। ਪੁਲਸ ਚੌਕੀ ਭੁਲਾਣੇ ਵਲੋਂ ਕੋਈ ਕਾਰਵਾਈ ਨਾ ਕਰਨ 'ਤੇ ਉਸਨੇ 181 ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਤੇ ਉਕਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਜਿਸਦੀ ਇਕ-ਇਕ ਕਾਪੀ ਉਸ ਨੇ ਡੀ. ਆਈ. ਜੀ. ਰੇਂਜ (ਜਲੰਧਰ), ਮੁੱਖ ਮੰਤਰੀ ਪੰਜਾਬ, ਐੱਸ. ਐੱਸ. ਪੀ. ਕਪੂਰਥਲਾ ਨੂੰ ਵੀ ਭੇਜੀ ਹੈ, ਜਿਨ੍ਹਾਂ ਨੇ ਡੀ. ਐੱਸ. ਪੀ. ਸਾਹਿਬ ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੂੰ ਭੇਜ ਕੇ ਤੁਰੰਤ ਇਸ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ। ਜਿਨ੍ਹਾਂ ਦੇ ਹੁਕਮਾਂ 'ਤੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਜਾਂਚ ਕੀਤੀ ਤੇ ਉਕਤ ਤਿੰਨੇ ਦੋਸ਼ੀਆਂ, ਗੁਰਸ਼ਰਨਪ੍ਰੀਤ ਸਿੰਘ, ਮਨਜਿੰਦਰ ਸਿੰਘ ਤੇ ਪਰਮਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਉਕਤ 'ਚ ਲੋੜੀਂਦੇ ਹੋਰ ਦੋਵੇਂ ਦੋਸ਼ੀਆਂ ਨੂੰ ਫੜਨ ਵਾਸਤੇ ਵੀ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਬਲਵਿੰਦਰ ਸਿੰਘ ਵੀ ਹਾਜ਼ਰ ਸਨ।


Related News