ਪੰਜਾਬ ਪੁਲਸ ਵੱਲੋਂ ਫ਼ਰਜ਼ੀ ਪਾਸਪੋਰਟਾਂ ’ਤੇ ਵਿਦੇਸ਼ ਭੱਜੇ 8 ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ
Friday, Dec 23, 2022 - 04:19 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਦੇ ਫ਼ਰਜ਼ੀ ਦਸਤਾਵੇਜ਼ਾਂ ’ਤੇ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਾਲੇ 8 ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਇਨ੍ਹਾਂ ਦੇ ਮਦਦਗਾਰਾਂ ’ਤੇ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਇਸ ਗੱਲ ਦਾ ਪਤਾ ਲਾਉਣਗੀਆਂ ਕਿ ਫ਼ਰਜ਼ੀ ਦਸਤਾਵੇਜ਼ਾਂ ਨਾਲ ਪਾਸਪੋਰਟ ਬਣਾਉਣ ’ਚ ਕਿਹੜੇ-ਕਿਹੜੇ ਮਹਿਕਮੇ ਦੇ ਮੁਲਾਜ਼ਮ ਸ਼ਾਮਲ ਸਨ।
ਇਹ ਟੀਮਾਂ ਪਾਸਪੋਰਟ ਅਰਜ਼ੀਆਂ ਦੀ ਵੀ ਪੁੱਛ-ਗਿੱਛ ਕਰਨਗੀਆਂ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਓ. ਸੀ. ਨੇ ਜਿਨ੍ਹਾਂ 8 ਗੈਂਗਸਟਰਾਂ ’ਤੇ ਕੇਸ ਦਰਜ ਕੀਤਾ ਹੈ ਉਨ੍ਹਾਂ ’ਚ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਸਾਥੀ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ, ਗੁਰਦਾਸਪੁਰ ਦਾ ਹੀ ਪਵਿੱਤਰ ਸਿੰਘ, ਤਰਨਤਾਰਨ ਦੇ ਹਵੇਲੀਆਂ ਪਿੰਡ ਦਾ ਗੁਰਜੰਟ ਸਿੰਘ ਭੋਲੂ, ਭੁੱਚਰ ਪਿੰਡਾ ਦਾ ਰਛਪਾਲ ਸਿੰਘ ਦਾਣਾ, ਡਿਆਲ ਪਿੰਡ ਦਾ ਕੇਂਦਰਬੀਰ ਸਿੰਘ ਸੰਨੀ, ਚੰਬਲ ਪਿੰਡ ਦਾ ਮਨਪ੍ਰੀਤ ਸਿੰਘ ਮੰਨਾ, ਗੁਰਦੇਵ ਸਿੰਘ ਜੈਮਲ ਤੇ ਪੱਟੀ ਦਾ ਬਰਿੰਦਰ ਸਿੰਘ ਰਾਊ ਸ਼ਾਮਲ ਹਨ। ਬਹੁਤਿਆਂ ਗੈਂਗਸਟਰਾਂ ’ਤੇ ਫ਼ਿਰੌਤੀ ਵਸੂਲਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ