ਸ਼ੋਅਰੂਮ ਵੇਚਣ ਦੇ ਨਾਂ ’ਤੇ 53 ਲੱਖ ਦੀ ਠੱਗੀ, 2 ਬਿਲਡਰਾਂ ਖ਼ਿਲਾਫ਼ ਮਾਮਲਾ ਦਰਜ

Friday, Jul 14, 2023 - 12:08 PM (IST)

ਸ਼ੋਅਰੂਮ ਵੇਚਣ ਦੇ ਨਾਂ ’ਤੇ 53 ਲੱਖ ਦੀ ਠੱਗੀ, 2 ਬਿਲਡਰਾਂ ਖ਼ਿਲਾਫ਼ ਮਾਮਲਾ ਦਰਜ

ਖਰੜ (ਰਣਬੀਰ) : ਖਰੜ ਪੁਰਾਣੀ ਸੰਨੀ ਐਨਕਲੇਵ ਦੇ ਰਹਿਣ ਵਾਲੇ ਮਲਕੀਤ ਸਿੰਘ ਵਾਲੀਆ ਨਾਲ ਸ਼ੋਅਰੂਮ ਵੇਚਣ ਦੇ ਨਾਂ ’ਤੇ ਮੋਟੀ ਰਕਮ ਦਾ ਗਬਨ ਕਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਖਰੜ ਨਾਲ ਸਬੰਧਿਤ 2 ਬਿਲਡਰਾਂ ਸੁਰਿੰਦਰ ਕੁਮਾਰ ਸਲੂਜਾ ਅਤੇ ਸੁਰਿੰਦਰ ਕੋਛੜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦਰਖ਼ਾਸਤਕਰਤਾ ਨੇ ਦੱਸਿਆ ਕਿ ਉਸ ਨੇ ਇਕ ਪ੍ਰਾਪਰਟੀ ਡੀਲਰ ਦੀ ਮਾਰਫਤ 2016 ’ਚ ਵੈਸਟਰਨ ਬਿਲਡਕਾਨ ਪ੍ਰਾਈਵੇਟ ਲਿਮਟਿਡ ਨਾਂ ਦੀ ਬਿਲਡਿੰਗ ਦਾ ਸੌਦਾ ਕੀਤਾ ਸੀ। ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ ਸਲੂਜਾ ਅਤੇ ਸੰਜੇ ਕੋਛੜ ਵਲੋਂ ਪਿੰਡ ਝੂੰਗੀਆਂ ਨੇੜੇ ਵੈਸਟਰਨ ਹੋਮਸ ਨਾਂ ਦੀ ਕਾਲੋਨੀ ਡਿਵੈਲਪ ਕੀਤੀ ਜਾ ਰਹੀ ਸੀ।

ਇਸ ਦਾ 2 ਸ਼ੋਅਰੂਮ ਨੰਬਰ 17 ਅਤੇ 18 ਦਾ 53 ਲੱਖ ਰੁਪਏ ’ਚ ਸੌਦਾ ਕੀਤਾ ਸੀ ਤੇ ਰਕਮ ਵੀ ਅਦਾ ਕਰ ਦਿੱਤੀ ਸੀ ਪਰ 2020 ’ਚ ਪਤਾ ਲੱਗਾ ਕਿ ਉਸ ਵਲੋਂ ਖਰੀਦੇ ਸ਼ੋਅਰੂਮਾਂ ਦੀ 2 ਜਨਵਰੀ 2017 ਨੂੰ ਸੈਕਟਰ-8 ਚੰਡੀਗੜ੍ਹ ਵਾਸੀ ਇਕ ਔਰਤ ਨਾਲ ਸਬ-ਰਜਿਸਟਰਾਰ ਖਰੜ ਦਫ਼ਤਰ ’ਚ ਪਹਿਲਾਂ ਹੀ ਸੇਲ ਡੀਡ ਕੀਤੀ ਹੋਈ ਹੈ। ਮੁੱਦਈ ਨੇ ਸੌਦੇ ਮੁਤਾਬਕ ਉਸੇ ਥਾਂ ਮੌਜੂਦਾ 2 ਸ਼ੋਅਰੂਮ ਨਾਲ ਸਬੰਧਿਤ ਮੁੜ ਸੇਲ ਡੀਡ ਕਰਵਾਉਣ ਜਾਂ ਬਣਦੀ ਰਕਮ ਵਾਪਸ ਕਰਨ ਲਈ ਉਨ੍ਹਾਂ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਜਾਰੀ ਰੱਖੇ ਪਰ ਖੱਜਲ-ਖੁਆਰੀ ਤੋਂ ਬਿਨਾਂ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News