ਸ਼ਿਫਟਿੰਗ ਦੇ ਸਮੇਂ ਡਾਇਨਿੰਗ ਟੇਬਲ ਟੁੱਟਣ ’ਤੇ 15 ਹਜ਼ਾਰ ਹਰਜਾਨਾ
Sunday, Oct 13, 2024 - 11:29 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਮੋਹਾਲੀ ਸਥਿਤ ਮੂਵਰਜ਼ ਐਂਡ ਪੈਕਰਜ਼ ਕੰਪਨੀ ਨੂੰ ਸ਼ਿਫ਼ਟਿੰਗ ਦੌਰਾਨ ਡਾਇਨਿੰਗ ਟੇਬਲ ਟੁੱਟਣ ’ਤੇ 15 ਹਜ਼ਾਰ ਰੁਪਏ ਦਾ ਹਰਜਾਨਾ ਲਾਇਆ ਹੈ। ਇਸ ਦੇ ਨਾਲ ਹੀ ਕਮਿਸ਼ਨ ’ਚ ਦਾਇਰ ਲਿਖ਼ਤੀ ਜਵਾਬ ’ਚ ਕੰਪਨੀ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸ਼ਿਕਾਇਤਕਰਤਾ ਦੀ ਮੌਜੂਦਗੀ ’ਚ ਲੋਡਿੰਗ ਅਤੇ ਅਣਲੋਡਿੰਗ ਕੀਤੀ ਗਈ ਸੀ ਅਤੇ ਉਹ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਕਰਮਚਾਰੀ ਵੱਲੋਂ ਡਾਇਨਿੰਗ ਟੇਬਲ ਟੁੱਟਿਆ ਹੋਇਆ ਪਾਇਆ ਗਿਆ। ਉਕਤ ਮਾਮਲੇ ’ਚ ਸੇਵਾ ਕਮੀ ਜਾਂ ਅਨੁਚਿਤ ਵਪਾਰਕ ਵਿਵਹਾਰ ਨਹੀਂ ਹੈ। ਇਸ ਲਈ ਸ਼ਿਕਾਇਤ ਰੱਦ ਕੀਤੀ ਜਾਣੀ ਚਾਹੀਦੀ ਹੈ। ਸਾਹਮਣੇ ਆਏ ਤੱਥਾਂ ਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ, ਕਮਿਸ਼ਨ ਨੇ ਕਿਹਾ ਕਿ ਮੂਵਰ ਤੇ ਪੈਕਰ ਸੇਵਾ ਪ੍ਰਦਾਤਾ ਹੋਣ ਦੇ ਨਾਤੇ ਤੇ ਵਿਚਾਰ ਫ਼ੀਸ ਲੈਣ ਦੇ ਕਾਰਨ, ਘਰੇਲੂ ਸਾਮਾਨ ਨੂੰ ਸੁਰੱਖਿਅਤ ਢੰਗ ਨਾਲ ਲੋਡ/ਅਣਲੋਡ ਕਰਨ ਲਈ ਪਾਬੰਦ ਹੈ। ਇਸ ਪ੍ਰਕਿਰਿਆ ਦੌਰਾਨ ਸਾਮਾਨ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਫਰਮ ਨੂੰ ਉਚਿਤ ਮੁਆਵਜ਼ਾ ਦੇਣਾ ਚਾਹੀਦਾ ਸੀ। ਉਕਤ ਮਾਮਲੇ ’ਚ ਕੰਪਨੀ ਪੂਰੀ ਤਰ੍ਹਾਂ ਅਸਫ਼ਲ ਰਹੀ। ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਸ਼ਿਕਾਇਤ ਦਰਜ ਕਰਨ ਦੀ ਮਿਤੀ ਤੋਂ ਅਸਲ ਵਸੂਲੀ ਦੀ ਮਿਤੀ ਤੱਕ 6 ਫ਼ੀਸਦੀ ਸਾਲਾਨਾ ਵਿਆਜ ਸਮੇਤ 15,000 ਰੁਪਏ ਮੁਆਵਜ਼ੇ ਦੇ ਤੌਰ ’ਤੇ ਦਿੱਤੇ ਜਾਣ।
ਇਹ ਸੀ ਮਾਮਲਾ
ਮੋਹਾਲੀ ਦੇ ਸੈਕਟਰ-81 ਦੇ ਵਸਨੀਕ ਡਾਕਟਰ ਅੰਬਰੇਸ਼ ਕੁਮਾਰ ਸ਼ਿਵਾਜੀ ਨੇ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ ’ਚ ਸੈਕਟਰ-26 ਸਥਿਤ ਨਿਊ ਚੰਡੀਗੜ੍ਹ ਪੈਕਰਜ਼ ਐਂਡ ਮੂਵਰਜ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਕਮਿਸ਼ਨ ’ਚ 28 ਅਗਸਤ 2020 ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪੀੜਤ ਅੰਬਰੇਸ਼ ਨੇ ਦੱਸਿਆ ਕਿ ਸਾਲ 2020 ’ਚ ਉਸ ਨੇ ਆਪਣੇ ਘੇਰੂਲ ਸਾਮਾਨ ਨੂੰ ਸੈਕਟਰ-65 ਤੋਂ ਸੈਕਟਰ-81 ’ਚ ਸਥਿਤ ਆਈ.ਆਈ.ਐੱਸ.ਈ.ਆਰ ’ਚ ਸ਼ਿਫਟ ਕਰਨ ਲਈ ਨਿਊ ਚੰਡੀਗੜ੍ਹ ਮੂਵਰਜ਼ ਐਂਡ ਪੈਕਰਜ਼ ਨਾਲ ਸੰਪਰਕ ਕਰਕੇ 7 ਹਜ਼ਾਰ 500 ਰੁਪਏ ਅਦਾ ਕੀਤੇ ਸਨ। ਸ਼ਿਕਾਇਤਕਰਤਾ ਨੇ ਸਾਮਾਨ ਤਬਦੀਲ ਹੋਣ ਤੋਂ ਤੁਰੰਤ ਬਾਅਦ ਜੀ-ਪੇ ਰਾਹੀਂ ਦੋਸ਼ੀ ਧਿਰ ਨੂੰ ਤੈਅ ਰਕਮ ਅਦਾ ਕਰ ਦਿੱਤੀ ਸੀ।
ਪਰ ਜਦੋਂ ਸ਼ਿਕਾਇਤਕਰਤਾ ਨੇ ਸਾਮਾਨ ਖੋਲ੍ਹ ਕੇ ਦੇਖਿਆ ਤਾਂ ਦੋਸ਼ੀ ਧਿਰ ਨੇ ਡਾਇਨਿੰਗ ਟੇਬਲ ਅਤੇ ਕੁਰਸੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਤੋੜ ਦਿੱਤਾ ਹੈ। ਜਿਸ ਸਬੰਧੀ ਖ਼ਪਤਕਾਰ ਅੰਬਰੇਸ਼ ਨੇ ਤੁਰੰਤ ਇਹ ਮਾਮਲਾ ਕੰਪਨੀ ਦੇ ਧਿਆਨ ਵਿਚ ਲਿਆਂਦੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸ਼ਿਕਾਇਤਕਰਤਾ ਨੇ ਦੋਸ਼ੀ ਧਿਰ ਤੋਂ ਆਪਣੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਜਿਸ ਤੋਂ ਬਾਅਦ ਪੀੜਤ ਨੇ ਕੰਪਨੀ ਦੀ ਉਕਤ ਕਾਰਵਾਈ ਨੂੰ ਸੇਵਾ ’ਚ ਕਮੀ ਅਤੇ ਅਨੁਚਿਤ ਵਪਾਰਕ ਵਿਵਹਾਰ ਦੱਸਦੇ ਹੋਏ ਕਮਿਸ਼ਨ ’ਚ ਦੋਸ਼ੀ ਧਿਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।