ਇਕ ਪਾਸੇ ਵਿੱਤੀ ਸੰਕਟ ਦਾ ਰਾਗ ਅਲਾਪ ਰਿਹੈ ਨਿਗਮ, ਫਿਰ ਸਟੱਡੀ ਟੂਰ ’ਤੇ ਜਾਣ ਦੀ ਤਿਆਰੀ

Thursday, Aug 30, 2018 - 07:03 AM (IST)

 ਚੰਡੀਗਡ਼੍ਹ, (ਰਾਏ)- ਵਿੱਤੀ ਸੰਕਟ ਦਾ ਰਾਗ ਅਲਾਪ ਰਹੇ ਨਗਰ ਨਿਗਮ ਨੇ ਵਿਕਾਸ ਦੇ ਏਜੰਡਿਆਂ ’ਤੇ ਤਾਂ ਰੋਕ ਲਾਈ ਹੋਈ ਹੈ ਪਰ ਕੌਂਸਲਰਾਂ  ਦੇ ਸਟੱਡੀ ਦੌਰਿਆਂ ’ਤੇ ਅਜਿਹੀ ਕੋਈ ਰੋਕ ਨਹੀਂ ਲਾਈ ਹੈ।   
 ਇਸ ਵਾਰ ਕੂਡ਼ਾ ਪ੍ਰਬੰਧਨ ਦੀ ਸਟੱਡੀ ਕਰਨ ਲਈ ਕੌਂਸਲਰ 25 ਲੱਖ ਰੁਪਏ ਖਰਚ ਕਰਕੇ ਸਟੱਡੀ ਦੌਰੇ ’ਤੇ ਭੋਪਾਲ, ਵਿਜੈਵਾਡ਼ਾ, ਇੰਦੌਰ ਤੇ ਮੈਸੂਰ ਜਾ ਰਹੇ ਹਨ। ਕੌਂਸਲਰਾਂ ਦੀ ਇਕ  ਵਫਦ ਕੱਲ 30 ਅਗਸਤ ਨੂੰ ਸ਼ਹਿਰ ਤੋਂ ਰਵਾਨਾ ਹੋਵੇਗਾ।    ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਗਮ ਬਜਟ ’ਚ ਇਸ ਲਈ 50 ਲੱਖ ਰੁਪਏ ਰੱਖੇ  ਗਏ  ਹਨ। 
 ਪਿਛਲੇ ਸਾਲ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ  (ਸੀ. ਐਂਡ ਏ. ਜੀ.) ਦੀ ਰਿਪੋਰਟ ’ਚ ਪਿਛਲੇ ਚਾਰ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸਟੱਡੀ ਦੌਰੇ ’ਤੇ ਕੀਤੇ ਗਏ ਖਰਚ ਨੂੰ ਅਰਥਹੀਣ ਦੱਸਣ ਦੇ ਬਾਵਜੂਦ ਕੌਂਸਲਰ ਸਟੱਡੀ ਦੌਰੇ ਲਈ ਤਿਆਰ ਹਨ। ਨਿਗਮ ਚਾਰ ਦਿਨਾ ਦੌਰੇ ’ਤੇ ਆਪਣੇ ਚੁਣੇ ਹੋਏ ਅਤੇ ਨਾਮਜ਼ਦ ਕੌਂਸਲਰਾਂ ਨੂੰ ਭੇਜ ਰਿਹਾ ਹੈ। 
 ਇਕ ਪਾਸੇ ਜਿਥੇ ਨਿਗਮ ਸ਼ਹਿਰ ਦੇ ਵਿਕਾਸ ਕਾਰਜ ਪ੍ਰਸ਼ਾਸਨ ਨੂੰ ਸੌਂਪ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਟੱਡੀ ਦੌਰਿਆਂ ਦਾ ਮਤਲਬ ਸਮਝ ਤੋਂ ਬਾਹਰ ਹੈ। ਮੇਅਰ ਮੌਦਗਿਲ ਦਾ ਮੰਨਣਾ ਹੈ ਕਿ ਇਹ ਦੌਰਾ ਠੋਸ ਕੂਡ਼ਾ ਪ੍ਰਬੰਧ ’ਤੇ ਵੱਖ-ਵੱਖ ਸ਼ਹਿਰਾਂ ਵਲੋਂ ਅਪਣਾਈਆਂ ਜਾਣ ਵਾਲੇ ਢੰਗਾਂ ਦੀ ਸਟੱਡੀ ਕਰਨ ਲਈ ਮਹੱਤਵਪੂਰਨ ਹੈ। ਇਸ ਵਾਰ ਹੋਰ ਥਾਵਾਂ ਦੇ ਨਾਲ ਕੌਂਸਲਰ  ਇੰਦੌਰ ਵੀ ਜਾਣਾ ਚਾਹੁੰਦੇ ਹਨ। ਇੰਦੌਰ ਨੂੰ ਸਵੱਛਤਾ ਸਰਵੇਖਣ ’ਚ ਕੌਮੀ ਪੱਧਰ ’ਤੇ ਪਹਿਲਾ ਇਨਾਮ ਮਿਲਿਆ ਸੀ। 
 ਇਸ ਤੋਂ ਪਹਿਲਾਂ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ  (ਸੀ. ਐਂਡ ਏ. ਜੀ.) ਨੇ 2016- 17 ਦੀ ਆਪਣੀ ਰਿਪੋਰਟ ’ਚ ਚੰਡੀਗਡ਼੍ਹ ਨਗਰ ਨਿਗਮ  ਦੇ ਸਟੱਡੀ ਦੌਰਿਆਂ ’ਤੇ ਸਵਾਲ ਚੁੱਕੇ ਸਨ। ਰਿਪੋਰਟ ’ਚ ਕਿਹਾ ਗਿਆ ਸੀ ਕਿ ਸਟੱਡੀ ਟੂਰ ’ਚ ਬੇਨਿਯਮੀਆਂ ਕਾਰਨ  ਹੁਣ ਤਕ ਆਮ ਜਨਤਾ ਦੇ ਲੱਖਾਂ ਰੁਪਏ ਬਰਬਾਦ ਕੀਤੇ ਜਾ ਚੁੱਕੇ ਹਨ। 
 ਜ਼ਿਕਰਯੋਗ ਹੈ ਕਿ 27 ਸਤੰਬਰ 2016 ਦੀ ਹਾਊਸ ਮੀਟਿੰਗ ਵਿਚ ਸਟੱਡੀ ਦੌਰਿਆਂ ਦੇ ਨਿਯਮ ਤੇ ਸ਼ਰਤਾਂ ਸਬੰਧੀ  ਸਪੱਸ਼ਟ ਕੀਤਾ ਗਿਆ ਸੀ ਕਿ ਟੂਰ ਤੋਂ ਪਰਤਣ ਤੋਂ ਬਾਅਦ 10 ਦਿਨਾਂ ਵਿਚ ਟੀਮ ਨੂੰ ਸਟੱਡੀ ਕੀਤੇ ਗਏ ਪ੍ਰਾਜੈਕਟਾਂ ਸਬੰਧੀ ਇਕ ਰਿਪੋਰਟ ਦੇਣੀ ਹੋਵੇਗੀ। ਬਾਵਜੂਦ ਇਸਦੇ ਕਿਸੇ ਵੀ ਟੂਰ ਦੀ ਰਿਪੋਰਟ 10 ਦਿਨਾਂ ਵਿਚ ਨਹੀਂ ਦਿੱਤੀ ਜਾ ਰਹੀ ਹੈ। ਕਈ ਟੂਰਾਂ ਦੀ ਰਿਪੋਰਟ ਤਾਂ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀਂ ਜਮ੍ਹਾ ਕੀਤੀ ਜਾਂਦੀ ਹੈ। ਸੈਕਟਰੀ ਲੋਕਲ ਗੌਰਮਿੰਟ ਵਲੋਂ ਵੀ 3 ਜਨਵਰੀ, 2017 ਨੂੰ ਇਸ ਸਬੰਧੀ  ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।   
 ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਸਾਬਕਾ ਮੇਅਰ ਆਸ਼ਾ ਜਾਇਸਵਾਲ ਨੇ ਪਿਛਲੇ ਸਾਲ 17 ਅਪ੍ਰੈਲ ਤੋਂ 21 ਅਪ੍ਰੈਲ ਤਕ ਵੱਖ-ਵੱਖ ਵਫਦਾਂ ’ਚ ਸਟੱਡੀ ਦੌਰਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਗਏ ਕੌਂਸਲਰਾਂ ਦੀ ਰਿਪੋਰਟ ਲਈ ਨਿਗਮ ਸਦਨ ਦੀ ਵਿਸ਼ੇਸ਼ ਬੈਠਕ ਵੀ ਬੁਲਾਈ ਸੀ।   ਇਨ੍ਹਾਂ ਵਿਚ ਮੇਅਰ ਦੀ ਅਗਵਾਈ ਵਿਚ ਮੁੰਬਈ,  ਸੀਨੀਅਰ ਉਪ ਮੇਅਰ ਰਾਜੇਸ਼ ਗੁਪਤਾ ਦੀ ਅਗਵਾਈ ਵਿਚ ਵਿਸ਼ਾਖਾਪਟਨਮ ਤੇ ਸਾਬਕਾ ਮੇਅਰ ਅਰੁਣ ਸੂਦ  ਦੀ ਅਗਵਾਈ ’ਚ ਪੁਣੇ ਦੇ ਦੌਰੇ ’ਤੇ ਕੌਂਸਲਰ ਗਏ ਸਨ। ਇਸ ਦੀ ਰਿਪੋਰਟ ਲਈ ਕੌਂਸਲਰਾਂ ਨੇ ਸਦਨ ਵਿਚ ਜੋ ਸਮਾਰਟ ਸਕੂਲ, ਸਮਾਰਟ ਡਿਸਪੈਂਸਰੀਆਂ, ਕੂਡ਼ੇ ਨਾਲ ਬਿਜਲੀ ਉਤਪਾਦਨ ਆਦਿ ਵਰਗੇ ਜਿੰਨੇ ਪ੍ਰਾਜੈਕਟਾਂ ਸਬੰਧੀ ਚਰਚਾ ਕੀਤੀ, ਉਨ੍ਹਾਂ ਵਿਚੋਂ ਇਕ ਵੀ ਨਿਗਮ ਲਾਗੂ ਨਹੀਂ ਕਰ ਸਕਿਆ। 
 2014-15 ’ਚ ਟੂਰ ’ਤੇ ਕੌਂਸਲਰ ਤੇ ਅਧਿਕਾਰੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਾਲ ਲੈ ਗਏ ਸਨ, ਜਿਸ ਤੋਂ ਬਾਅਦ ਨਿਗਮ ਹਾਊਸ ’ਚ ਵੀ ਇਸ ਸਬੰਧੀ ਕਾਫ਼ੀ ਹੰਗਾਮਾ ਹੋਇਆ ਸੀ। ਇਸ ਟੂਰ ’ਤੇ ਗਏ ਪਰਿਵਾਰ ਦੇ ਮੈਂਬਰਾਂ ਦੀ ਆਡੀਟਰ ਨੇ ਜਾਣਕਾਰੀ ਮੰਗੀ ਸੀ, ਜਿਸਨੂੰ ਉਪਲਬਧ ਨਾ ਕਰਵਾਉਣ ’ਤੇ ਨਾਲ ਲੈ ਗਏ ਪਰਿਵਾਰ ਦੇ ਮੈਂਬਰਾਂ ਦਾ ਖਰਚ ਸਬੰਧਤ ਕੌਂਸਲਰਾਂ ਤੋਂ ਵਸੂਲਣ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਨਿਗਮ ਨੇ 9 ਕੌਂਸਲਰਾਂ  ਦੇ ਇਸ ਮਾਮਲੇ ਸਬੰਧੀ ਤਨਖਾਹ ’ਚੋਂ ਪੈਸੇ ਵੀ ਕੱਟ ਲਏ ਸਨ। 
 ਨਿਗਮ ਦੀ ਆਪਣੀ ਇਕ ਰਿਪੋਰਟ ਅਨੁਸਾਰ ਨਿਗਮ ਇਕ ਦਹਾਕੇ ਤੋਂ ਕੌਂਸਲਰਾਂ ਤੇ ਅਧਿਕਾਰੀਆਂ  ਦੇ ਸਟੱਡੀ ਦੌਰਿਆਂ ’ਤੇ 1.53 ਕਰੋਡ਼ ਰੁਪਏ ਖਰਚ ਕਰ ਚੁੱਕਿਆ ਹੈ। ਇਹ ਜਾਣਕਾਰੀ ਨਿਗਮ ਦੀ ਲੇਖਾ ਵਿਭਾਗ ਦੀ ਰਿਪੋਰਟ ਵਿਚ ਵੀ ਹੈ।  ਇਸ ਸਬੰਧੀ ਭਾਜਪਾ ਦੇ ਸਾਬਕਾ ਕੌਂਸਲਰਾਂ    ਸਤੀਸ਼ ਕੈਂਥ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਲੇਖਾ ਵਿਭਾਗ ਨੇ ਜੋ ਰਿਪੋਰਟ ਤਿਆਰ ਕੀਤੀ ਸੀ,  ਉਸਨੂੰ ਨਿਗਮ ਦੀ  ਮੇਜ ’ਤੇ ਵੀ ਰੱਖਿਆ ਗਿਆ ਸੀ।  
 ਲੇਖਾ ਵਿਭਾਗ ਦੀ ਰਿਪੋਰਟ ਅਨੁਸਾਰ 2004 ਤੋਂ ਬਾਅਦ ਤੋਂ ਨਗਰ ਨਿਗਮ ਵਲੋਂ 2011 ਤਕ 20 ਸਟੱਡੀ ਦੌਰਿਆਂ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ।  ਇਸ ਦੌਰਾਨ ਕੌਂਸਲਰ   ਵਿਦੇਸ਼ ਦਾ ਦੌਰਾ ਵੀ ਕਰ ਆਏ ਸਨ। 2011 ’ਚ ਕੋਇੰਬਟੂਰ ਦਾ ਦੌਰਾ ਅੱਜ ਤਕ ਦਾ ਸਭ ਤੋਂ ਮਹਿੰਗਾ ਦੌਰਾ ਰਿਹਾ। ਇਸ ਲਈ ਸਰਕਾਰੀ ਖਜ਼ਾਨੇ ’ਚੋਂ 16, 39, 700 ਰੁਪਏ ਖਰਚ ਕੀਤੇ ਗਏ ਸਨ।  2010 ’ਚ ਨਿਗਮ ਕੌਂਸਲਰ  ਤੇ ਅਧਿਕਾਰੀ ਸਿੱਕਮ ਵੀ ਗਏ। ਉਸ ’ਤੇ 16, 07, 791 14 ਰੁਪਏ ਖਰਚ ਕੀਤੇ ਗਏ। ਇਸ ਦੌਰੇ ’ਤੇ 14 ਕੌਂਸਲਰ ਤੇ ਦੋ ਅਧਿਕਾਰੀ ਗਏ ਸਨ। 
  2007 ਵਿਚ ਸਿੰਗਾਪੁਰ ਤੇ ਬੈਂਕਾਕ 15 ਕੌਂਸਲਰ ਗਏ ਸਨ। ਮੁੱਖ ਲੇਖਾ ਅਧਿਕਾਰੀ ਵਲੋਂ ਤਿਆਰ ਰਿਪੋਰਟ ਅਨੁਸਾਰ ਇਸ ਦੌਰੇ ’ਤੇ 15, 10, 560 ਰੁਪਏ ਖ਼ਰਚ ਕੀਤੇ ਗਏ ਸਨ। ਇਸ ਸਾਲ ਨਿਗਮ ਨੇ ਸਟੱਡੀ ਦੌਰਿਆਂ ’ਤੇ ਹੀ 58, 07, 023 ਰੁਪਏ ਖਰਚ ਕਰ ਦਿੱਤੇ। ਵਿਦੇਸ਼ ਦੇ ਦੌਰੇ ’ਤੇ 15 ਕੌਂਸਲਰ ਗਏ ਸਨ। 
 ਰਿਪੋਰਟ ਅਨੁਸਾਰ  2011 ’ਚ ਨਿਗਮ ਕੌਂਸਲਰਾਂ   ਦੇ ਤਿੰਨ ਸਟੱਡੀ ਦੌਰਿਆਂ ’ਤੇ 38, 49, 188 ਰੁਪਏ ਖਰਚ ਕੀਤੇ ਗਏ। 16, 39,700 ਬੈਂਗਲੁਰੂ ਤੇ ਕੋਇੰਬਟੂਰ ਦੇ ਦੌਰੇ ’ਤੇ ਖਰਚ ਕੀਤੇ ਗਏ, 22, 09, 488 ਰੁਪਏ ਚੇਨਈ, ਪਾਂਡੂਚੇਰੀ,  ਮਦੁਰਾਇ ਤੇ ਕੋਇੰਬਟੂਰ  ਦੇ ਦੌਰੇ ’ਤੇ ਖਰਚ ਕੀਤੇ ਗਏ। 
 ਰਿਪੋਰਟ ਅਨੁਸਾਰ  2013 ’ਚ 7, 51, 108  ਰੁਪਏ ਜਾਮਨਗਰ,  ਸੋਮਨਾਥ,  ਜੂਨਾਗਡ਼੍ਹ,  ਡਿੱਗ,  ਭਾਵਨਗਰ,  ਦੁਆਰਕਾ ਤੇ ਦਿਊ  ਦੇ ਦੌਰੇ ’ਤੇ ਖਰਚ ਹੋਏ।  2012 ਵਿਚ ਨਿਗਮ ਨੇ ਸਟੱਡੀ ਦੌਰੇ ਦਾ ਪ੍ਰਬੰਧ ਨਹੀਂ ਕੀਤਾ।  ਇਸ ਤੋਂ ਬਾਅਦ 2014 ’ਚ ਚੇਨਈ,  ਕੋਲਕਾਤਾ ਤੇ ਪੋਰਟਬਲੇਰ  ਦੇ ਦੌਰੇ ’ਤੇ 25 ਲੱਖ ਰੁਪਏ ਖਰਚ ਹੋਏ ।  ਇਸ ਯਾਤਰਾ  ਦੌਰਾਨ ਜਿਹੜੇ ਕੌਂਸਲਰ   ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਗਏ ਸਨ, ਉਨ੍ਹਾਂ ਦੀ  ਤਨਖਾਹ ’ਚੋਂ 9-9 ਹਜ਼ਾਰ ਰੁਪਏ ਕੱਟੇ ਗਏ, ਜਿਸ ਤੋਂ ਬਾਅਦ ਹੰਗਾਮਾ ਖਡ਼੍ਹਾ ਹੋ ਗਿਆ। 
 ਉਕਤ ਰਿਪੋਰਟ ਅਨੁਸਾਰ ਮੇਅਰ ਪੂਨਮ ਸ਼ਰਮਾ  ਵਲੋਂ ਕੀਤੇ ਗਏ ਸਪੇਨ ਦੌਰੇ ’ਤੇ ਨਿਗਮ ਨੇ 2. 85 ਲੱਖ ਰੁਪਏ ਖਰਚ ਕੀਤੇ। ਪੂਨਮ ਸ਼ਰਮਾ ਨੇ ਇਸ ਦੌਰਾਨ  ਇਕ ਸੰਮੇਲਨ ’ਚ ਹਿੱਸਾ ਲਿਆ ਸੀ।  ਇਸ ਤੋਂ ਬਾਅਦ ਸਾਬਕਾ ਮੇਅਰ ਅਰੁਣ ਸੂਦ ਵੀ ਵਿਦੇਸ਼ ਦੌਰੇ ’ਤੇ ਗਏ ਸਨ।   
 


Related News