ਮੁੱਖ ਸਕੱਤਰ ਨੂੰ ਧਮਕਾ ਕੇ ਵਿੱਤ ਮੰਤਰੀ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕਰ ਰਿਹੈ ਕੋਸ਼ਿਸ਼ : ਮਜੀਠੀਆ

Monday, May 11, 2020 - 10:24 PM (IST)

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੂੰ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਸੂਬੇ ਅੰਦਰ ਸੰਵਿਧਾਨਿਕ ਮਸ਼ੀਨਰੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਕਾਰਜਪਾਲਿਕਾ ਨੂੰ ਧਮਕਾਉਣ ਲਈ ਕਾਂਗਰਸੀ ਮੰਤਰੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤੇ ਸਿਵਲ ਸਰਵਿਸ ਦੇ ਮੁਖੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਲਈ ਮੰਤਰੀ ਮੰਡਲ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਇਸ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀਆਂ ਵੱਲੋਂ ਇਹ ਸਾਰਾ ਡਰਾਮਾ ਸਰਕਾਰੀ ਖਜ਼ਾਨੇ ਦੀ ਗੈਰ-ਕਾਨੂੰਨੀ ਲੁੱਟ ਦੇ ਆਪਣੇ ਧੰਦੇ ਨੂੰ ਬਚਾਉਣ ਲਈ ਕੀਤਾ ਗਿਆ ਹੈ।

ਮਜੀਠੀਆ ਨੇ ਕਿਹਾ ਮੰਤਰੀਆਂ ਨੇ ਮੁੱਖ ਸਕੱਤਰ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਹੈ, ਕਿਉਂਕਿ ਉਸ ਨੇ ਪਹਿਲੀ ਕੈਬਨਿਟ ਮੀਟਿੰਗ ਵਿਚ ਇਹ ਗੱਲ ਉਠਾਈ ਸੀ ਕਿ ਕਾਂਗਰਸੀਆਂ ਵੱਲੋਂ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਕਰਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਸਬੰਧ ਵਿਚ ਬਠਿੰਡਾ ਜ਼ਿਲ੍ਹੇ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ 2000 ਕਰੋੜ ਰੁਪਏ ਘਪਲੇ ਦਾ ਪਰਦਾਫਾਸ਼ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਕੀਤੇ ਜਾਣ ਦੀ ਲੋੜ ਹੈ। ਮਜੀਠੀਆ ਨੇ ਅਫਸੋਸ ਪ੍ਰਗਟ ਕੀਤਾ ਕਿ ਪੰਜਾਬ ਅਜਿਹੇ ਸਮੇਂ ਵਿਚ ਅਗਵਾਈ ਰਹਿਤ ਹੋ ਚੁੱਕਿਆ ਹੈ, ਜਦੋਂ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅਜਿਹੇ ਔਖੇ ਸਮੇਂ ਵਿੱਚ ਸੂਬੇ ਦੀ ਕੈਬਨਿਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਨੂੰ ਸਿਰਫ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ’ਚੋਂ ਮਿਲਦੇ ਆਪਣੇ ਹਿੱਸੇ ਦੀ ਚਿੰਤਾ ਹੈ। ਇਸ ਨੂੰ ਨਾ ਸਿਹਤ ਢਾਂਚੇ ਦੀ ਫਿਕਰ ਹੈ ਅਤੇ ਨਾ ਹੀ ਲੋੜਵੰਦਾਂ ਨੂੰ ਕੇਂਦਰੀ ਰਾਸ਼ਨ ਵੰਡਣ ਜਾਂ ਆਮ ਆਦਮੀ ਨੂੰ ਕੋਈ ਰਾਹਤ ਦੇਣ ਦੀ ਚਿੰਤਾ ਹੈ। ਇਹੀ ਵਜ੍ਹਾ ਹੈ ਕਿ ਇਹ ਸਾਰੇ ਮਸਲੇ ਅੱਜ ਦੇ ਸਰਕਾਰੀ ਏਜੰਡੇ ਦਾ ਹਿੱਸਾ ਹੀ ਨਹੀਂ ਸਨ ਅਤੇ ਉੱਥੇ ਸਿਰਫ ਸ਼ਰਾਬ ਬਾਰੇ ਚਰਚਾ ਕੀਤੀ ਗਈ।

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਉਹ ਮੁੱਖ ਸਕੱਤਰ ਦੇ ਸਮਰਥਕ ਨਹੀਂ ਹਨ, ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦੂਜੇ ਅਧਿਕਾਰੀਆਂ ਦੀ ਅਗਵਾਈ ਕਰਨ ਵਾਸਤੇ ਕਰਨ ਅਵਤਾਰ ਸਿੰਘ ਦੀ ਚੋਣ ਸਰਕਾਰ ਦੁਆਰਾ ਕੀਤੀ ਗਈ ਸੀ। ਇਸ ਅਧਿਕਾਰੀ ਵੱਲੋਂ ਕਾਂਗਰਸ ਦੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਬਹੁਤ ਸ਼ਾਨਦਾਰ ਰਿਪੋਰਟਾਂ ਦਿੱਤੀਆਂ ਗਈਆਂ ਹਨ ਪਰ ਹੁਣ ਸੇਵਾਮੁਕਤ ਹੋਣ ਤੋਂ ਸਿਰਫ 4 ਮਹੀਨੇ ਪਹਿਲਾਂ ਉਹ ਇਕਦਮ ਬੁਰਾ ਵਿਅਕਤੀ ਬਣ ਗਿਆ ਹੈ। ਸਪੱਸ਼ਟ ਹੈ ਕਿ ਮੰਤਰੀਆਂ ਨੇ ਇਸ ਅਧਿਕਾਰੀ ਵਿਰੁੱਧ ਇੱਕ ਗਿਰੋਹ ਬਣਾ ਲਿਆ ਹੈ, ਕਿਉਂਕਿ ਉਹ ਇਸ ਸਿਸਟਮ ਦੀ ਰਾਖੀ ਕਰਨ ਵਾਲੀ ਆਖਰੀ ਦੀਵਾਰ ਹੈ। ਮੌਜੂਦਾ ਹਾਲਾਤ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਜੀਠੀਆ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਵਿੱਤ ਮੰਤਰੀ ਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਸੂਬੇ ਕੋਲ ਟੀਚੇ ਨਾਲੋਂ ਵਾਧੂ ਮਾਲੀਆ ਹੋ ਚੁੱਕਿਆ ਹੈ। ਹੁਣ ਵਿੱਤ ਮੰਤਰੀ ਬਿਲਕੁਲ ਉਲਟ ਬਿਆਨਬਾਜ਼ੀ ਕਰ ਰਿਹਾ ਹੈ, ਜਦਕਿ ਤਾਲਾਬੰਦੀ ਮਾਰਚ ਦੇ ਆਖਰੀ ਹਫ਼ਤੇ ਸ਼ੁਰੂ ਹੋਈ ਸੀ, ਜਦੋਂ ਵਿੱਤੀ ਸਾਲ ਮੁਕੰਮਲ ਹੋ ਜਾਂਦਾ ਹੈ। ਸੱਚਾਈ ਇਹ ਹੈ ਕਿ ਉਹ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਆਬਕਾਰੀ ਨੀਤੀ ਬਣਾਉਣ ਦਾ ਕੰਮ ਉਹ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਚੁੱਕਿਆ ਹੈ।


Bharat Thapa

Content Editor

Related News