ਮਲਿਕ ਨੇ ਜੇਤਲੀ ਨਾਲ ਮਿਲ ਕੇ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਾਇਆ
Saturday, Mar 02, 2019 - 01:00 PM (IST)
ਅੰਮ੍ਰਿਤਸਰ (ਬਿਉੂਰੋ)—ਸੂਬਾ ਭਾਜਪਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਾਇਆ ਤੇ ਉਨ੍ਹਾਂ ਨਾਲ ਇਸ ਸਬੰਧੀ ਸਲਾਹ ਮਸ਼ਵਰਾ ਕੀਤਾ। ਮਲਿਕ ਨੇ ਕਿਹਾ ਕਿ ਜੇਤਲੀ ਜੀ ਦਾ ਮਾਰਗਦਰਸ਼ਨ ਉਨ੍ਹਾਂ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ।
ਮਲਿਕ ਨੇ ਕਿਹਾ ਕਿ ਹੁਣ 60 ਲੱਖ ਦੀ ਸਾਲਾਨਾ ਟਰਨਓਵਰ ਵਾਲੇ ਵਪਾਰੀਆਂ ਨੂੰ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ ਤੇ 40 ਲੱਖ ਰੁਪਏ ਦੀ ਸਲਾਨਾ ਟਰਨਓਵਰ ਵਾਲੇ ਵਪਾਰੀਆਂ ਨੂੰ ਜੀ. ਐੱਸ. ਟੀ. ਨਹੀਂ ਦੇਣਾ ਹੋਵੇਗਾ। ਇਸ ਨਾਲ ਛੋਟੇ ਵਪਾਰੀਆਂ ਨੂੰ ਬਹੁਤ ਲਾਭ ਮਿਲੇਗਾ। ਮਲਿਕ ਨੇ ਕਿਹਾ ਕਿ ਆਮ ਆਦਮੀ ਦੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ 'ਤੇ ਜੀ. ਐੱਸ. ਟੀ. ਘੱਟ ਕਰਨ ਤੇ ਖਤਮ ਕੀਤੇ ਜਾਣ ਦਾ ਵੀ ਧੰਨਵਾਦ ਕੀਤਾ।
ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਪਣੇ ਅੰਤ੍ਰਿਮ ਬਜਟ ਵਿਚ ਹਰ ਵਰਗ ਦੀਆਂ ਦਰਪੇਸ਼ ਮੁਸ਼ਕਲਾਂ 'ਤੇ ਵਿਚਾਰ ਕਰਨ ਉਪਰੰਤ ਇਸ ਬਜਟ ਵਿਚ ਕਿਸਾਨ, ਮੱਧ ਵਰਗ, ਵਪਾਰੀਆਂ, ਔਰਤਾਂ ਤੇ ਵਿਦਿਆਰਥੀਆਂ ਦੇ ਨਾਲ ਹੀ ਰੱਖਿਆ ਖੇਤਰ ਦਾ ਖਾਸ ਧਿਆਨ ਰੱਖਿਆ ਹੈ। ਇਸ ਬਜਟ ਵਿਚ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ ਇਨਕਮ ਟੈਕਸ ਦੀ ਹੱਦ 2.50 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਲੱਗਭਗ 3 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਵੇਗਾ।
ਮਲਿਕ ਨੇ ਕਿਹਾ ਕਿ ਪੇਸ਼ ਕੀਤੇ ਬਜਟ ਨਾਲ ਜਿਥੇ ਵਿਕਾਸ ਦਰ 'ਚ ਵਾਧਾ ਹੋਇਆ ਹੈ, ਉਥੇ ਮਹਿੰਗਾਈ ਦੀ ਦਰ 'ਚ ਵੀ ਗਿਰਾਵਟ ਆਈ ਹੈ। ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਕੀਤੀ ਗਈ ਏਅਰ ਸਟਰਾਈਕ ਤੇ ਪ੍ਰਧਾਨ ਮੰਤਰੀ ਤੇ ਹਵਾਈ ਫੌਜ ਦੇ ਅਫਸਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਹਥਿਆਰ ਦਿਓ ਤਾਂ ਕਿ ਉਹ ਖੁਦ ਪਾਕਿਸਤਾਨੀ ਅੱਤਵਾਦੀਆਂ ਤੇ ਭਾਰਤ ਨੂੰ ਬੁਰੀ ਨਜ਼ਰ ਨਾਲ ਦੇਖਣ ਵਾਲਿਆਂ ਨਾਲ ਨਿਪਟ ਸਕਣ।