ਪਿਸਤੌਲ ਦੇ ਦਮ ''ਤੇ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਲੁੱਟੇ ਲੱਖਾਂ ਰੁਪਏ

10/09/2019 7:42:01 PM

ਤਲਵੰਡੀ ਭਾਈ,(ਗੁਲਾਟੀ): ਸ਼ਹਿਰ ਦੇ ਪਿੰਡ ਸੁਲਹਾਣੀ ਨੇੜੇ ਪਿਸਤੌਲ ਦੀ ਨੋਕ 'ਤੇ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਦੋ ਮੁਲਾਜ਼ਮਾਂ ਤੋਂ ਕਾਰ ਸਵਾਰ ਤਿੰਨ ਲੁਟੇਰਿਆਂ ਨੇ 65 ਹਜ਼ਾਰ ਦੀ ਨਕਦੀ ਤੇ ਟੈਬਲੈੱਟ ਖੋਹੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆ ਕਿਰਨਪਾਲ ਸਿੰਘ ਪੁੱਤਰ ਸੰਜੇ ਕੁਮਾਰ ਵਾਸੀ ਮੱਲਾਂਵਾਲਾ ਰੋਡ, ਜੀਰਾ ਤੇ ਕਮਲਜੀਤ ਪੁੱਤਰ ਥੌਮਸ ਵਾਸੀ ਕਾਮਲਵਾਲਾ ਨੇ ਦੱਸਿਆ ਕਿ ਉਹ ਸੈਟਿੰਨ ਕਰੈਡਿਟ ਕੇਅਰ ਨੈਟਵਰਕ ਲਿਮ ਕੰਪਨੀ ਬਰਾਂਚ ਜੀਰਾ 'ਚ ਕੰਮ ਕਰਦੇ ਹਨ। ਉਹ ਅੱਜ ਮੋਟਰਸਾਈਕਲ 'ਤੇ ਕੰਪਨੀ ਦੇ ਵੱਖ-ਵੱਖ ਪਿੰਡਾਂ 'ਚੋਂ ਕਰਜ਼ਦਾਰਾਂ ਕੋਲੋਂ ਕਿਸ਼ਤਾਂ ਇੱਕਠੀਆਂ ਕਰਕੇ ਕਰੀਬ 2 ਵੱਜ ਕੇ 10 ਮਿੰਟ 'ਤੇ ਪਿੰਡ ਠੇਠਰ ਕਲਾਂ ਤੋਂ ਸੁਲਹਾਣੀ ਰੇਲਵੇ ਸ਼ਟੇਸ਼ਨ ਵੱਲ ਜਾ ਰਹੇ ਸਨ। ਇਸ ਦੌਰਾਨ ਸਟੇਸ਼ਨ ਦੇ ਨਜ਼ਦੀਕ ਇਕ ਇੰਡੀਕਾ ਕਾਰ ਸਵਾਰ ਤਿੰਨ ਜਣਿਆਂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ, ਜਿਨਾਂ ਕੋਲ ਪਿਸਤੋਲ ਤੇ ਕਿਰਪਾਨ ਸੀ। ਜਿਨ੍ਹਾਂ ਨੇ ਪਿਸਤੌਲ ਤਾਣ ਕੇ ਮੁਲਾਜ਼ਮਾਂ ਪਾਸੋਂ ਬੈਗ ਖੋਹ ਲਿਆ, ਜਿਸ ਵਿੱਚ ਇੱਕ ਟੈਬਲੈੱਟ ਤੇ 165,858 ਰੁਪਏ ਦੀ ਨਕਦੀ ਸੀ। ਇਸ ਸਬੰਧ 'ਚ ਪੀੜਤਾਂ ਨੇ ਤਲਵੰਡੀ ਭਾਈ ਪੁਲਸ ਨੂੰ ਇਤਲਾਹ ਦੇ ਦਿੱਤੀ ਹੈ। ਪੁਲਸ ਵੱਲੋਂ ਅਗਲੀ ਕਰਵਾਈ ਕੀਤੀ ਜਾ ਰਹੀ ਹੈ।


Related News