ਫਾਇਨਾਂਸ ਕੰਪਨੀ ਦੇ ਕਰਮਚਾਰੀ ਨੂੰ ਲੁੱਟਣ ਵਾਲੇ 9 ਮੈਂਬਰੀ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

Monday, Sep 11, 2023 - 06:35 PM (IST)

ਤਰਨਤਾਰਨ (ਰਮਨ) : ਬੀਤੇ ਦਿਨੀਂ ਫਾਇਨਾਂਸ ਕੰਪਨੀ ਦੇ ਕਰਮਚਾਰੀ ਨੂੰ ਪਿਸਤੌਲ ਦੀ ਨੋਕ ਉੱਪਰ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ ਦਾ ਨਿਸ਼ਾਨਾ ਬਣਾਉਂਦੇ ਹੋਏ 61 ਹਜ਼ਾਰ 400 ਰੁਪਏ ਲੁੱਟ ਲਏ ਗਏ ਸਨ, ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਦੋ ਦਿਨਾਂ ਦਰਮਿਆਨ ਕਾਮਯਾਬੀ ਹਾਸਲ ਕਰਦੇ ਹੋਏ ਗਿਰੋਹ ਦੇ ਚਾਰ ਮੈਂਬਰਾਂ ਨੂੰ ਵਾਰਦਾਤ ਲਈ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਮੁਲਜ਼ਮਾਂ ਦਾ ਦੋ ਦਿਨਾਂ ਰਿਮਾਂਡ ਹਾਸਲ ਕਰਦੇ ਹੋਏ ਫਰਾਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੀ ਪੁਲਸ ਚੌਂਕੀ ਕੰਗ ਦੇ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਮਿਲੇ ਸਖ਼ਤ ਹੁਕਮ ਅਤੇ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 8 ਸਤੰਬਰ ਦੀ ਦੁਪਹਿਰ ਸੱਤਿਆ ਪਾਲ ਸਿੰਘ ਪੁੱਤਰ ਛਤਰ ਪਾਲ ਸਿੰਘ ਵਾਸੀ ਮੁਰਾਦਾਬਾਦ ਉੱਤਰ ਪ੍ਰਦੇਸ਼ ਨੇ ਏ.ਐੱਸ.ਆਈ ਜਸਬੀਰ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੁਤੰਤਰ ਮਾਈਕਰੋ ਫਾਈਨੈਂਸ ਕੰਪਨੀ ਰਈਆ ਵਿਚ ਬਤੌਰ ਫੀਲਡ ਸਟਾਫ ਕੰਮ ਕਰਦਾ ਹੈ। ਜਦੋਂ ਉਹ ਲੋਨ ਦੀਆਂ ਕਿਸ਼ਤਾਂ ਇਕੱਤਰ ਕਰਦੇ ਹੋਏ ਵਾਪਸ ਆ ਰਿਹਾ ਸੀ ਤਾਂ ਪਿੰਡ ਮਥਰੇਵਾਲ ਵਿਖੇ ਪੁੱਜਾ ਤਾਂ 6 ਅਣਪਛਾਤੇ ਵਿਅਕਤੀ ਜੋ ਦੋ ਮੋਟਰਸਾਈਕਲਾਂ ਸਮੇਤ ਮੌਜੂਦ ਸਨ ਵਲੋਂ ਪਿਸਤੌਲ ਦੀ ਨੋਕ ਉੱਪਰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਰੋਕ ਲਿਆ ਗਿਆ ਅਤੇ ਕਿੱਟ ਵਿਚ ਮੌਜੂਦ 61,400 ਰੁਪਏ ਅਤੇ ਹੋਰ ਦਸਤਾਵੇਜ਼ ਲੁੱਟਦੇ ਹੋਏ ਫਰਾਰ ਹੋ ਗਏ। 

ਏ.ਐੱਸ.ਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਪਰਮਜੀਤ ਸਿੰਘ, ਨੀਰਜ ਪੁੱਤਰ ਕੁਲਦੀਪ ਸਿੰਘ, ਅਰਸ਼ ਪੁੱਤਰ ਲਖਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਕੱਲ੍ਹਾ ਨੂੰ ਗ੍ਰਿਫ਼ਤਾਰ ਕਰਦੇ ਹੋਏ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਜਦ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਸਾਜਿਸ਼ ਕਰਤਾ ਜਗਰੂਪ ਸਿੰਘ ਪੁੱਤਰ ਮੰਗਲ ਸਿੰਘ, ਲਵ ਅਤੇ ਇਕ ਹੋਰ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

 


Gurminder Singh

Content Editor

Related News