ਫਿਲਮੀ ਅਦਾਕਾਰ ਗੈਵੀ ਚਾਹਲ ਪਹੁੰਚੇ ਕਿਸਾਨਾਂ ਦੇ ਹੱਕ ’ਚ ਸਿੰਘੂ ਬਾਰਡਰ

12/28/2020 7:35:58 PM

ਸੰਗਰੂਰ,(ਦਲਜੀਤ ਸਿੰਘ ਬੇੇਦੀ)-ਪਿਛਲੇ ਇਕ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਪਹੁੰਚੇ ਪ੍ਰਸਿੱਧ ਫਿਲਮ ਅਭਿਨੇਤਾ ਗੈਵੀ ਚਾਹਲ ਨੇ ਇਸ ਕਿਸਾਨ ਅੰਦੋਲਨ ਦੀ ਪੂਰਨ ਹਮਾਇਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਮੁੱਚੇ ਦੇਸ਼ ਦੇ ਕਿਰਤੀਆਂ ਦਾ ਅੰਦੋਲਨ ਹੈ ਤੇ ਜਦੋਂ ਤਕ ਕਿਰਤੀਆਂ ਨੂੰ ਉਨ੍ਹਾਂ ਦਾ ਹੱਕ ਨਹੀਂ  ਮਿਲ ਜਾਂਦਾ ਤਦ ਤਕ ਇਹ ਲੋਕ ਵਾਪਸ ਨਹੀਂ  ਮੁੜਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਵੀ ਚਾਹਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਖੇਤੀ ਮਾਰੂ ਨੀਤੀਆਂ ਖ਼ਿਲਾਫ਼ ਸ਼ੁਰੂ ਕੀਤੇ ਗਏ ਇਸ ਕਿਸਾਨ ਅੰਦੋਲਨ ਨੂੰ ਕਿਸੇ ਨੇ ਅੱਤਵਾਦੀ ਦਾ ਨਾਮ ਦਿੱਤਾ ਤੇ ਕਿਸੇ ਨੇ ਨਕਸਲਾਈਆਂ ਦਾ ਤੇ ਕਿਸੇ ਨੇ ਖਾਲਿਸਤਾਨੀਆਂ ਦਾ ਪਰ ਉਨ੍ਹਾਂ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਅੰਦੋਲਨ ਦੇਸ਼ ਦੀਆਂ ਫਸਲਾਂ ਤੇ ਨਸਲਾਂ ਦੀ ਰਾਖੀ ਲਈ ਸ਼ੁਰੂ ਹੋਇਆ ਹੈ ਤੇ ਦੇਸ਼ ਦੇ ਕਿਰਤੀ ਲੋਕ ਤਦ ਤੱਕ ਵਾਪਿਸ ਨਹੀਂ ਮੁੜਨਗੇ ਜਦ ਤਕ ਸਰਕਾਰ ਇਹ ਤਿੰਨੇ ਕਾਨੂੰਨ ਵਾਪਿਸ ਨਹੀਂ ਲੈਂਦੀ। ਇਸ ਅੰਦੋਲਨ ਦੀ ਕਾਰਜ ਸੈਲੀ ਦੀ ਭਰਪੂਰ ਸ਼ਲਾਘਾ ਕਰਦਿਆਂ ਚਾਹਲ ਨੇ ਕਿਹਾ ਕਿ ਇਹ ਅੰਦੋਲਨ ਸਭਿਆਚਾਰਕ ਤੇ ਭਾਈਚਾਰਕ ਸਾਂਝ ਦੀ ਇਕ ਜ਼ਬਰਦਸਤ ਮਿਸਾਲ ਬਣ ਗਿਆ ਹੈ ਕਿ ਜਿੱਥੇ ਇਕ ਪਾਸੇ ਹਿੰਦੂ ਅਤੇ ਸਿੱਖ ਭਰਾ ਇਕ-ਦੂਜੇ ਦੀਆਂ ਧਾਰਮਿਕ ਰੀਤਾਂ ਦਾ ਸਤਿਕਾਰ ਕਰ ਰਹੇ ਹਨ, ਓਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਵੀ ਇਸ ਅੰਦੋਲਨ ’ਚ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ, ਉਨ੍ਹਾਂ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੇਸ਼ ਦੇ ਸਮੁੱਚੇ ਕਿਰਤੀ ਸਮਾਜ ਦੇ ਲੋਕਾਂ ਦੀ ਆਵਾਜ਼ ਨੂੰ ਸੁਣੇ ਅਤੇ ਜਲਦ ਤੋਂ ਜਲਦ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ  ਲੋਕ ਪੱਖੀ ਹੋਣ ਦਾ ਸਬੂਤ ਦੇਵੇ  । 


Deepak Kumar

Content Editor

Related News