ਝਗੜੇ ਦੌਰਾਨ ਮਾਰੇ ਗਏ ਨੌਜਵਾਨ ਦੀ ਲਾਸ਼ ਮੇਨ ਚੌਕ ’ਚ ਰੱਖ ਲਾਇਆ ਧਰਨਾ, ਕੀਤੀ ਇਨਸਾਫ ਦੀ ਮੰਗ

Thursday, Apr 08, 2021 - 12:19 PM (IST)

ਝਗੜੇ ਦੌਰਾਨ ਮਾਰੇ ਗਏ ਨੌਜਵਾਨ ਦੀ ਲਾਸ਼ ਮੇਨ ਚੌਕ ’ਚ ਰੱਖ ਲਾਇਆ ਧਰਨਾ, ਕੀਤੀ ਇਨਸਾਫ ਦੀ ਮੰਗ

ਭਿੱਖੀਵਿੰਡ (ਅਮਨ, ਸੁਖਚੈਨ) - ਬੀਤੇ ਦਿਨੀਂ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੇ ਰੋਸ ਵਜੋਂ ਮ੍ਰਿਤਕ ਦੇ ਵਾਰਸਾਂ ਵਲੋਂ ਲਾਸ਼ ਮੇਨ ਚੌਕ ’ਚ ਰੱਖ ਕੇ ਧਰਨਾ ਲਾਇਆ। ਜਾਣਕਾਰੀ ਅਨੂਸਾਰ ਮ੍ਰਿਤਕ ਨੌਜਵਾਨ ਹਰਪਾਲ ਸਿੰਘ ਦੇ ਭਰਾ ਗੁਰਲਾਲ ਸਿੰਘ ਨੇ ਦੱਸਿਆ ਕਿ 30 ਮਾਰਚ ਨੂੰ ਭਿੱਖੀਵਿੰਡ ਖਾਲੜਾ ਰੋਡ ’ਤੇ ਇਕ ਬਿਲਡਿੰਗ ਢਾਹ ਰਹੇ ਕੁਝ ਲੋਕਾਂ ਨੇ ਗਲੀ ’ਚ ਲੱਗੇ ਮੇਰੇ ਮੋਟਰਸਾਈਕਲ ’ਤੇ ਇੱਟਾਂ ਸੁੱਟ ਦਿੱਤੀਆਂ, ਜਿਸ ਬਾਰੇ ਮੇਰੇ ਵੱਲੋਂ ਇਤਰਾਜ਼ ਕਰਨ ’ਤੇ ਉਨ੍ਹਾਂ ਨੇ ਮੇਰੇ ਉਪਰ ਹਮਲਾ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਮੈਂ ਭਿੱਖੀਵਿੰਡ ’ਚ ਹੀ ਕਿਸੇ ਦੁਕਾਨ ’ਤੇ ਕੰਮ ਕਰਦੇ ਆਪਣੇ ਭਰਾ ਹਰਪਾਲ ਸਿੰਘ ਨੂੰ ਆਪਣੀ ਮਦਦ ਲਈ ਬੁਲਾਇਆ ਪਰ ਦੂਜੀ ਧਿਰ ਨੇ ਸਾਡੀ ਕੁੱਟਮਾਰ ਕਰਨ ਲਈ ਦਰਜਨਾਂ ਨੌਜਵਾਨ ਸੱਦ ਲਏ, ਜਿਸ ’ਤੇ ਅਸੀਂ ਦੋਵੇਂ ਭਰਾ ਉੱਥੋਂ ਭੱਜ ਗਏ ਅਤੇ ਆਪਣੀ ਜਾਨ ਬਚਾਈ। ਅਸੀਂ ਆਪਣੇ ਪਿੰਡ ਬੂੜਚੰਦ ਦੇ ਕੁਝ ਮੋਹਤਬਰ ਵਿਅਕਤੀਆਂ ਨੂੰ ਵੀ ਇਸ ਘਟਨਾ ਸਬੰਧੀ ਰਾਜ਼ੀਨਾਮਾ ਕਰਵਾਉਣ ਲਈ ਕਿਹਾ ਪਰ ਦੂਜੀ ਧਿਰ ਇਸ ਗੱਲ ’ਤੇ ਬਜ਼ਿੱਦ ਸੀ ਕਿ ਅਸੀਂ ਪਹਿਲਾਂ ਤੁਹਾਡਾ ਨੁਕਸਾਨ ਕਰਨਾ ਹੈ ਰਾਜ਼ੀਨਾਵਾਂ ਫਿਰ ਦੇਖਿਆ ਜਾਊਗਾ।

PunjabKesari

ਬੀਤੀ 4 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੇਰਾ ਭਰਾ ਹਰਪਾਲ ਸਿੰਘ ਕੰਮ ਤੋਂ ਵਾਪਸ ਭਿੱਖੀਵਿੰਡ ਤੋਂ ਪਿੰਡ ਬੂੜਚੰਦ ਨੂੰ ਜਾ ਰਿਹਾ ਸੀ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਅਸੀਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਲੈ ਗਏ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਉਪਰੰਤ ਅਸੀਂ ਭਿੱਖੀਵਿੰਡ ਪੁਲਸ ਨਾਲ ਸੰਪਰਕ ਕੀਤਾ ਕਿ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਪਰ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਸਾਡੀ ਕੋਈ ਸੁਣਵਾਈ ਨਾ ਹੋਈ। ਅਸੀਂ ਹਰਪਾਲ ਸਿੰਘ ਦੀ ਲਾਸ਼ ਥਾਣਾ ਭਿੱਖੀਵਿੰਡ ਦੇ ਬਾਹਰ ਰੱਖ ਕੇ ਧਰਨਾ ਦਿੱਤਾ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ।

ਇਸ ਧਰਨੇ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਜਿਨ੍ਹਾਂ ’ਚ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਕਾਮਰੇਡ ਪਵਨ ਕੁਮਾਰ ਮਲਹੋਤਰਾ, ਆਪ ਆਗੂ ਜਸਬੀਰ ਸਿੰਘ ਸੁਰਸਿੰਘ ਤੇ ਗੁਰਦੇਵ ਸਿੰਘ ਲਾਖਣਾ ਨੇ ਸੰਬੋਧਨ ਕਰਦਿਆਂ ਭਿੱਖੀਵਿੰਡ ਪੁਲਸ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਚੁੱਕੇ। ਦੇਰ ਸ਼ਾਮ ਭਿੱਖੀਵਿੰਡ ਪੁਲਸ ਨੇ ਜੁਰਮ ’ਚ ਵਾਧਾ ਕਰਨ ਦੀ ਗੱਲ ਮੰਨ ਲਈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਪਹਿਲਾਂ ਕੋਈ ਵੀ ਡਾਕਟਰੀ ਰਿਪੋਰਟ ਨਹੀਂ ਆਈ ਜਿਸ ’ਤੇ ਹੁਣ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਜ਼ੁਰਮ ’ਚ ਵਾਧਾ ਕਰਕੇ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਿਸ ’ਤੇ ਮ੍ਰਿਤਕ ਦੇ ਵਾਰਸਾਂ ਨੇ ਯਕੀਨ ਕਰਦਿਆਂ ਮ੍ਰਿਤਕ ਦੀ ਲਾਸ਼ ਚੁੱਕ ਲਈ ਅਤੇ ਧਰਨਾ ਸਮਾਪਤ ਕਰ ਦਿੱਤਾ।


author

rajwinder kaur

Content Editor

Related News