ਇਨੋਵਾ ਸਵਾਰ ਵਿਅਕਤੀਆਂ ਵੱਲੋਂ ਪ੍ਰਾਪਰਟੀ ਡੀਲਰ ਦੀ ਕੁੱਟ-ਮਾਰ, ਕੀਤਾ ਅਗਵਾ
Tuesday, Aug 21, 2018 - 11:44 PM (IST)
ਮੋਗਾ, (ਅਾਜ਼ਾਦ)- ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਅੱਜ ਸਵੇਰੇ ਇਨੋਵਾ ਗੱਡੀ ’ਚ ਸਵਾਰ 3 ਵਿਅਕਤੀਆਂ ਵੱਲੋਂ ਪਿੰਡ ਰੱਤੀਆਂ ਦੇ ਇਕ ਪ੍ਰਾਪਰਟੀ ਡੀਲਰ ਬਸੰਤ ਸਿੰਘ ਨੂੰ ਕੁੱਟ-ਮਾਰ ਕਰ ਕੇ ਅਗਵਾ ਕਰ ਲਿਆ ਗਿਆ, ਜਿਸ ਨੂੰ ਪੁਲਸ ਨੇ ਕੁਝ ਘੰਟਿਆਂ ਬਾਅਦ ਅਗਵਾਕਾਰਾਂ ਦੀ ਚੁੰਗਲ ’ਚੋਂ ਛੁਡਵਾ ਲਿਆ। ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਰੱਤੀਆਂ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਮੋਗਾ ਪੁਲਸ ਨੂੰ ਸੂਚਿਤ ਕੀਤਾ ਕਿ ਸਾਡੇ ਪਿੰਡ ਦਾ ਬਸੰਤ ਸਿੰਘ ਪੁੱਤਰ ਸੁਰਜੀਤ ਸਿੰਘ, ਜੋ ਪ੍ਰਾਪਰਟੀ ਡੀਲਰ ਹੈ ਅਤੇ ਜ਼ਿਆਦਾਤਰ ਅਸੀਂ ਦੋਨੋਂ ਇਕੱਠੇ ਹੀ ਰਹਿੰਦੇ ਹਾਂ। ਪਿਛਲੇ ਦੋ ਦਿਨਾਂ ਤੋਂ ਗੁਰਮੇਲ ਸਿੰਘ ਅਤੇ ਕਰਮਜੀਤ ਸਿੰਘ ਦੋਨੋਂ ਨਿਵਾਸੀ ਪਿੰਡ ਕੋਟਲਾ, ਬਲਵਿੰਦਰ ਸਿੰਘ ਨਿਵਾਸੀ ਪਿੰਡ ਮਨਕਿਆਂਵਾਲੀ ਤਿੰਨੋਂ ਬਸੰਤ ਸਿੰਘ ਦੇ ਘਰ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿਚ ਚੱਕਰ ਲਾਉਂਦੇ ਆ ਰਹੇ ਸਨ। ਅੱਜ ਮੈਂ ਅਤੇ ਬਸੰਤ ਸਿੰਘ ਮੋਟਰਸਾਈਕਲ ’ਤੇ ਕਿਸੇ ਕੰਮ ਸਬੰਧੀ ਮੋਗਾ ਆਏ ਸਨ, ਜਦ ਅਸੀਂ ਆਈ. ਟੀ. ਆਈ. ਕੋਲ ਜੀ. ਟੀ. ਰੋਡ ’ਤੇ ਧਰਮ ਕੰਡਾ ਕੋਲ ਪੁੱਜੇ ਤਾਂ ਇਕ ਇਨੋਵਾ ਗੱਡੀ ਸਾਡੇ ਸਾਹਮਣੇ ਆ ਕੇ ਰੁਕੀ, ਜਿਸ ’ਚੋਂ ਉਕਤ ਤਿੰਨੋਂ ਵਿਅਕਤੀ ਬਾਹਰ ਨਿਕਲੇ ਅਤੇ ਉਨ੍ਹਾਂ ਪ੍ਰਾਪਰਟੀ ਡੀਲਰ ਬਸੰਤ ਸਿੰਘ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਸੁੱਟਿਆ ਤੇ ਫਿਰੋਜ਼ਪੁਰ ਵੱਲ ਚਲੇ ਗਏ, ਜਿਸ ’ਤੇ ਮੈਂ ਰੌਲਾ ਪਾਇਆ ਪਰ ਉਹ ਭੱਜਣ ਵਿਚ ਸਫਲ ਹੋ ਗਏ। ਜ਼ਿਲਾ ਪੁਲਸ ਮੁਖੀ ਮੋਗਾ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਮੋਗਾ ਪੁਲਸ ਨੂੰ ਅਗਵਾਕਾਰਾਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਬਣਾ ਕੇ ਭੇਜਿਆ ਗਿਆ, ਆਖਿਰ ਫਿਰੋਜ਼ਪੁਰ ਜੀ. ਟੀ. ਰੋਡ ’ਤੇ ਸਥਿਤ ਦਾਰਾਪੁਰ ਟੋਲ ਪਲਾਜ਼ਾ ਕੋਲ ਉਨ੍ਹਾਂ ਨੂੰ ਦਬੋਚ ਲਿਆ ਗਿਆ ਤੇ ਉਨ੍ਹਾਂ ਦੀ ਚੁੰਗਲ ’ਚੋਂ ਪ੍ਰਾਪਰਟੀ ਡੀਲਰ ਨੂੰ ਛੁਡਵਾਇਆ। ਇਸ ਤਰ੍ਹਾਂ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਗੁਰਮੇਲ ਸਿੰਘ ਪੁੱਤਰ ਗੁਲਜ਼ਾਰ ਸਿੰਘ, ਕਰਮਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਦੋਨੋਂ ਨਿਵਾਸੀ ਪਿੰਡ ਕੋਟਲਾ (ਫਿਰੋਜ਼ਪੁਰ) ਅਤੇ ਵਰਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਨਿਵਾਸੀ ਪਿੰਡ ਮਨਕਿਆਂਵਾਲੀ ਫਿਰੋਜ਼ਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
