ਵੱਟ ਦੇ ਰੌਲੇ ਨੇ ਧਾਰਿਆ ਖੂਨੀ ਰੂਪ, ਚੱਲੀਆਂ ਗੋਲੀਆਂ
Sunday, Jun 07, 2020 - 03:30 PM (IST)
ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਰਸੂਲਪੁਰ ਵਿਖੇ ਬੀਤੀ ਰਾਤ ਖੇਤਾਂ ਦੀ ਵੱਟ ਨੂੰ ਲੈ ਹੋਏ ਮਾਮੂਲੀ ਝਗੜੇ ਤੋਂ ਬਾਅਦ ਦੋ ਧਿਰਾਂ 'ਚ ਲੜਾਈ ਇਨੀ ਵੱਧ ਗਈ ਕਿ ਇਕ ਧਿਰ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਘਟਨਾ 'ਚ ਦੋ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਵਾਰਦਾਤ ਦੀ ਸੂਚਨਾਂ ਮਿਲਦੇ ਹੀ ਥਾਣਾ ਸਦਰ ਤਰਨਤਾਰਨ ਦੇ ਮੁੱਖੀ ਸਬ ਇੰਸਪੈਕਟਰ ਬਲਜੀਤ ਕੌਰ ਮੌਕੇ 'ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪਿੰਡ ਰਸੂਲਪੁਰ ਅਤੇ ਆਪਣੇ ਭਤੀਜੇ ਅਵਤਾਰ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਰਸੂਲਪੁਰ ਨਾਲ ਸ਼ਾਮ ਕਰੀਬ 8 ਵਜੇ ਖੇਤਾਂ 'ਚ ਗੇੜਾ ਮਾਰਨ ਗਏ ਸਨ। ਇਸ ਦੌਰਾਨ ਨਾਲ ਲੱਗਦੇ ਖੇਤਾਂ ਦੀ ਵੱਟ ਨੂੰ ਲੈ ਰਣਜੋਧ ਸਿੰਘ ਪੁੱਤਰ ਤਾਰਾ ਸਿੰਘ ਅਤੇ ਮਲਕੀਤ ਸਿੰਘ ਪੁਤਰ ਰਣਜੋਧ ਸਿੰਘ ਵਾਸੀ ਰਸੂਲਪੁਰ ਨਾਲ ਮਾਮੂਲੀ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਰਣਜੋਧ ਸਿੰਘ ਅਤੇ ਮਲਕੀਤ ਸਿੰਘ ਨੇ ਭੁਪਿੰਦਰ ਸਿੰਘ ਅਤੇ ਅਵਤਾਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਭੁਪਿੰਦਰ ਸਿੰਘ ਦੀ ਬਾਂਹ 'ਤੇ ਜਾ ਲੱਗੀ ਅਤੇ ਅਵਤਾਰ ਸਿੰਘ ਦੇ ਪੇਟ 'ਚ ਸ਼ਰ੍ਹਾ ਲੱਗਣ ਨਾਲ ਜ਼ਖਮੀ ਹੋ ਗਿਆ, ਜਿਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸ ਘਟਨਾਂ ਦੀ ਸੂਚਨਾਂ ਮਿਲਦੇ ਹੀ ਮੌਕੇ 'ਤੇ ਪੁੱਜੇ ਥਾਣਾ ਸਦਰ ਤਰਨਤਾਰਨ ਦੇ ਮੁੱਖੀ ਬਲਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖਮੀ ਹੋਏ ਹਨ ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।