ਜੂਡੋ ਖਿਡਾਰੀਆਂ ਨੇ ਰੱਸਾਕਸ਼ੀ ਕੋਚ ਨਾਲ ਕੀਤੀ ਹੱਥੋਪਾਈ
Wednesday, Feb 28, 2018 - 08:22 AM (IST)

ਪਟਿਆਲਾ (ਪ੍ਰਤਿਭਾ) - ਪੰਜਾਬੀ ਯੂਨੀਵਰਸਿਟੀ ਵਿਚ ਜੂਡੋ ਖਿਡਾਰੀਆਂ ਤੇ ਰੱਸਾਕਸ਼ੀ ਦੇ ਸਹਾਇਕ ਕੋਚ ਵਿਚ ਹੋਈ ਝੜਪ ਤੋਂ ਬਾਅਦ ਖੇਡ ਵਿਭਾਗ ਨੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ. ਆਈ. ਐੈੱਸ.) ਹੋਸਟਲ ਬੰਦ ਕਰ ਦਿੱਤਾ ਹੈ ਕਿਉਂਕਿ ਦੋਵੇਂ ਹੀ ਕੋਚ ਪੀ. ਆਈ. ਐੈੱਸ. ਦੇ ਹਨ। ਇਸ ਝਗੜੇ ਤੋਂ ਬਾਅਦ ਕੋਚਾਂ ਨੂੰ ਅੱਜ ਚੰਡੀਗੜ੍ਹ ਪੀ. ਆਈ. ਐੈੱਸ. ਅਥਾਰਟੀ ਨੇ ਗੱਲ ਕਰਨ ਲਈ ਬੁਲਾਇਆ ਹੈ। ਅਗਲੇ ਫੈਸਲੇ ਤੱਕ ਹੁਣ ਹੋਸਟਲ ਬੰਦ ਹੀ ਰਹੇਗਾ। ਇੱਥੇ ਨਾ ਜੂਡੋ ਤੇ ਨਾ ਹੀ ਵੇਟ ਲਿਫਟਿੰਗ, ਰੱਸਾਕਸ਼ੀ ਦੇ ਖਿਡਾਰੀਆਂ ਨੂੰ ਰੁਕਣ ਦਿੱਤਾ ਜਾਵੇਗਾ। ਹਾਲਾਂਕਿ ਪੀ. ਯੂ. ਖੇਡ ਅਥਾਰਟੀ ਦਾ ਕਹਿਣਾ ਹੈ ਕਿ ਸਿਰਫ ਰੱਸਾਕਸ਼ੀ ਦਾ ਕੈਂਪ ਲੱਗ ਰਿਹਾ ਹੈ ਅਤੇ ਵੇਟ ਲਿਫਟਿੰਗ ਤੇ ਜੂਡੋ ਦੇ ਮੁਕਾਬਲੇ ਹੋ ਚੁੱਕੇ ਹਨ। ਇਸ ਲਈ ਹੋਸਟਲ ਬੰਦ ਕੀਤਾ ਗਿਆ ਹੈ।
ਪੀ. ਆਈ. ਐੈੱਸ. ਨੇ ਦੋਵੇਂ ਕੋਚਾਂ ਨੂੰ ਬੁਲਾਇਆ
ਜੂਡੋ ਕੋਚ ਤੇ ਰੱਸਾਕਸ਼ੀ ਕੋਚ ਦੋਵੇਂ ਹੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੋਚ ਹਨ ਕਿਉਂਕਿ ਇਹ ਝਗੜਾ ਕੈਂਪਸ ਵਿਚ ਹੋਇਆ ਹੈ ਤਾਂ ਇਸ ਨੂੰ ਕੈਂਪਸ ਇੰਚਾਰਜ ਨੇ ਨਿਪਟਾਇਆ। ਉਨ੍ਹਾਂ ਜੂਡੋ ਕੋਚ ਨੂੰ ਬੁਲਾ ਕੇ ਗੱਲ ਕੀਤੀ ਅਤੇ ਨਾਲ ਹੀ ਰੱਸਾਕਸ਼ੀ ਕੋਚ ਨੂੰ ਵੀ ਸਮਝਾਇਆ।
ਕਿਉਂ ਤੇ ਕਿਵੇਂ ਸ਼ੁਰੂ ਹੋਇਆ ਝਗੜਾ
ਜਾਣਕਾਰੀ ਅਨੁਸਾਰ ਲੰਘੇ ਸੋਮਵਾਰ ਸ਼ਾਮ ਨੂੰ ਜੂਡੋ ਦੇ ਕੁਝ ਖਿਡਾਰੀਆਂ ਨੇ ਰੱਸਾਕਸ਼ੀ ਦੇ ਸਹਾਇਕ ਕੋਚ ਨਾਲ ਬਦਤਮੀਜ਼ੀ ਕਰਨ ਦੇ ਨਾਲ ਧੱਕੇ ਵੀ ਮਾਰੇ। ਸ਼ਾਮ ਨੂੰ ਰੱਸਾਕਸ਼ੀ ਦੇ ਸਹਾਇਕ ਕੋਚ ਸਾਈਕਲਿੰਗ ਟਰੈਕ 'ਤੇ ਸੈਰ ਕਰ ਰਹੇ ਸੀ। ਉਸ ਦੌਰਾਨ ਜੂਡੋ ਦੇ ਕੁਝ ਖਿਡਾਰੀ ਟਰੈਕ ਵਿਚ ਖੜ੍ਹੇ ਸੀ। ਕੋਚ ਨੇ ਉਨ੍ਹਾਂ ਨੂੰ ਉਥੋਂ ਹਟਣ ਲਈ ਕਿਹਾ। ਪਹਿਲਾਂ ਖਿਡਾਰੀ ਥੋੜ੍ਹਾ ਹਟ ਗਏ ਪਰ ਫਿਰ ਉਥੇ ਖੜ੍ਹੇ ਹੋ ਗਏ। ਇਸ ਨਾਲ ਖਿਡਾਰੀਆਂ ਤੇ ਕੋਚ ਵਿਚਾਲੇ ਬਹਿਸ ਸ਼ੁਰੂ ਹੋ ਗਈ। ਬਹਿਸ ਅੱਗੇ ਵਧਦੀ ਗਈ ਅਤੇ ਖਿਡਾਰੀਆਂ ਨੇ ਹੱਥੋਪਾਈ ਹੁੰਦਿਆਂ ਕੋਚ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਨੂੰ ਦੇਖ ਰੱਸਾਕਸ਼ੀ, ਵੇਟ ਲਿਫਟਿੰਗ ਖਿਡਾਰੀ ਵੀ ਉਥੇ ਪਹੁੰਚ ਗਏ ਅਤੇ ਫਿਰ ਦੋਵੇਂ ਗਰੁੱਪਾਂ ਵਿਚ ਝਗੜਾ ਵਧ ਗਿਆ। ਇਸ ਤੋਂ ਬਾਅਦ ਮਾਮਲੇ ਨੂੰ ਕੈਂਪਸ ਇੰਚਾਰਜ ਦਲਬੀਰ ਸਿੰਘ ਤੇ ਸਕਿਓਰਿਟੀ ਇੰਚਾਰਜ ਕੈਪਟਨ ਗੁਰਤੇਜ ਸਿੰਘ ਕੋਲ ਭੇਜਿਆ ਗਿਆ।
ਪੀ. ਆਈ. ਐੈੱਸ. ਹੀ ਕਰੇਗੀ ਫੈਸਲਾ : ਕੈਂਪਸ ਇੰਚਾਰਜ
ਝਗੜੇ ਨੂੰ ਲੈ ਕੇ ਕੈਂਪਸ ਇੰਚਾਰਜ ਡਾ. ਦਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਕੋਚਾਂ ਨੂੰ ਪੀ. ਆਈ. ਐੈੱਸ. ਨੇ ਬੁਲਾਇਆ ਹੈ।
ਉਨ੍ਹਾਂ ਦਾ ਜੋ ਵੀ ਫੈਸਲਾ ਹੋਵੇਗਾ, ਉਹ ਲਿਖਤੀ ਵਿਚ ਆ ਜਾਵੇਗਾ। ਉਂਝ ਤਾਂ ਇਹ ਮਾਮਲਾ ਖਿਡਾਰੀਆਂ ਦੀ ਆਪਸੀ ਬਹਿਸ ਦਾ ਸੀ, ਜਿਸ ਨੂੰ ਕੈਂਪਸ ਇੰਚਾਰਜ ਹੋਣ ਦੇ ਨਾਤੇ ਮੌਕੇ 'ਤੇ ਸੁਲਝਾ ਲਿਆ ਸੀ। ਫਿਰ ਵੀ ਕੋਚ ਪੀ. ਆਈ. ਐੈੱਸ. ਦੇ ਹਨ, ਤਾਂ ਉਨ੍ਹਾਂ ਕੋਲ ਜਾਣਾ ਵੀ ਜ਼ਰੂਰੀ ਸੀ।