ਨਿਗਮ ਚੋਣਾਂ 'ਚ ਕਾਂਗਰਸ ਦੀਆਂ ਟਿਕਟਾਂ ਲਈ ਮਾਰੋਮਾਰੀ, 250 ਤੋਂ ਪਾਰ ਹੋਇਆ ਦਾਅਵੇਦਾਰਾਂ ਦਾ ਅੰਕੜਾ
Wednesday, Nov 27, 2024 - 10:08 AM (IST)
ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਦਸੰਬਰ ਦੇ ਆਖ਼ਰੀ ਹਫ਼ਤੇ ਦੌਰਾਨ ਨਗਰ ਨਿਗਮ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਤੋਂ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਕਾਂਗਰਸ ਨੂੰ ਲੈ ਕੇ ਜੋ ਅਪਡੇਟ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਖੂਬ ਮਾਰੋਮਾਰੀ ਹੋਵੇਗੀ, ਕਿਉਂਕਿ 95 ਵਾਰਡਾਂ ’ਚ ਦਾਅਵੇਦਾਰਾਂ ਦਾ ਅੰਕੜਾ 250 ਤੋਂ ਪਾਰ ਹੋ ਗਿਆ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਕਾਂਗਰਸ ਵੱਲੋਂ ਕੁੱਝ ਸਮਾਂ ਪਹਿਲਾਂ ਜਦੋਂ ਨਗਰ ਨਿਗਮ ਚੋਣਾਂ ’ਚ ਟਿਕਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਉਸ ਸਮੇਂ ਕਰੀਬ 100 ਦਾਅਵੇਦਾਰ ਹੀ ਸਾਹਮਣੇ ਆਏ ਸਨ, ਜਿਸ ਦੇ ਤਹਿਤ ਕਈ ਵਾਰਡਾਂ ’ਚ ਮੌਜੂਦਾ ਕੌਂਸਲਰਾਂ ਨੇ ਹੀ ਪੈਰ ਪਿੱਛੇ ਖਿੱਚ ਲਏ ਅਤੇ ਕਈ ਥਾਈਂ ਇਕ ਹੀ ਦਾਅਵੇਦਾਰ ਵੱਲੋਂ ਬੜੀ ਮੁਸ਼ਕਲ ਨਾਲ ਅਪਲਾਈ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਵੱਲੋਂ ਲੁਧਿਆਣਾ ’ਚ ਟਿਕਟ ਦੇ ਦਾਅਵੇਦਾਰਾਂ ਨੂੰ ਇਕ ਵਾਰ ਫਿਰ ਅਰਜ਼ੀਆਂ ਜਮ੍ਹਾਂ ਕਰਨ ਦਾ ਮੌਕਾ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : PM ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ 'ਚ ਧਮਾਕੇ, ਮਚੀ ਹਫੜਾ-ਦਫੜੀ
ਹਾਲਾਂਕਿ ਇਸ ਕਵਾਇਦ ਨੂੰ ਬੈਂਸ ਗਰੁੱਪ ਦੇ ਹਮਾਇਤੀਆਂ ਦੀ ਐਂਟਰੀ ਕਰਵਾਉਣ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ, ਕਿਉਂਕਿ ਜਿਸ ਸਮੇਂ ਪਹਿਲਾਂ ਟਿਕਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਉਸ ਸਮੇਂ ਬੈਂਸ ਭਰਾ ਕਾਂਗਰਸ ’ਚ ਸ਼ਾਮਲ ਨਹੀਂ ਹੋਏ ਸਨ। ਹੁਣ ਨਵੇਂ ਸਿਰੇ ਤੋਂ ਅਰਜ਼ੀਆਂ ਦਾਖ਼ਲ ਕਰਨ ਦਾ ਮੌਕਾ ਮਿਲਿਆ ਤਾਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰਾਂ ਦਾ ਅੰਕੜਾ 250 ਤੋਂ ਪਾਰ ਹੋ ਗਿਆ ਹੈ, ਜਿਸ ਦੀ ਪੁਸ਼ਟੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੱਲੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਦਾਅਵੇਦਾਰਾਂ ’ਚ ਸਭ ਤੋਂ ਜ਼ਿਆਦਾ ਗਿਣਤੀ ਬੈਂਸ ਗਰੁੱਪ ਦੇ ਹਮਾਇਤੀਆ ਦੀ ਹੀ ਹੈ, ਜਿਨ੍ਹਾਂ ਵੱਲੋਂ ਹਲਕਾ ਆਤਮ ਨਗਰ, ਦੱਖਣੀ ਦੇ ਨਾਲ ਸੈਂਟਰਲ ਹਲਕੇ ਦੇ ਵਾਰਡਾਂ ’ਚ ਟਿਕਟ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ, ਇਸ ਤੋਂ ਇਹ ਸਾਫ਼ ਹੋ ਗਿਆ ਹੈ ਕਿ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਦੀਆਂ ਟਿਕਟਾਂ ਲਈ ਆਸ਼ੂ ਅਤੇ ਬੈਂਸ ਗਰੁੱਪ ’ਚ ਜੰਮ ਕੇ ਮਾਰੋਮਾਰੀ ਹੋਵੇਗੀ, ਕਿਉਂਕਿ ਦੋਵਾਂ ਦੇ ਮੈਂਬਰਾਂ ਨੇ ਹਲਕਾ ਆਤਮ ਨਗਰ ਅਤੇ ਦੱਖਣੀ ਦੇ ਵਾਰਡਾਂ ’ਚ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਏ ਧਮਾਕਿਆਂ ਨਾਲ ਜੁੜੀ ਵੱਡੀ ਖ਼ਬਰ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ
ਆਸ਼ੂ ਗਰੁੱਪ ਵੱਲੋਂ ਸਾਬਕਾ ਮੇਅਰ ਨੇ ਕੀਤਾ ਬੈਂਸ ’ਤੇ ਪਲਟਵਾਰ, ਜਾਖੜ ਦੇ ਨਾਮ ’ਤੇ ਛੇੜੀ ਚਰਚਾ
ਲੋਕ ਸਭਾ ਚੋਣਾ ਦੇ ਸਮੇਂ ਤੋਂ ਸਾਬਕਾ ਮੰਤਰੀ ਆਸ਼ੂ ਅਤੇ ਬੈਂਸ ਗਰੁੱਪ ’ਚ ਸੁਲਗ ਰਹੀ ਵਿਵਾਦ ਦੀ ਚੰਗਿਆੜੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ, ਕਿਉਂਕਿ ਆਸ਼ੂ ਵੱਲੋਂ ਸਿੱਧਾ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਬੈਂਸ ਬ੍ਰਦਰਜ਼ ਨੂੰ ਕਾਂਗਰਸ ’ਚ ਸ਼ਾਮਲ ਕਰਨ ਦਾ ਵਿਰੋਧ ਕਰਨ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਮੁੱਦੇ ’ਤੇ ਦੋਹਾਂ ਨੇ ਕਦੇ ਖੁੱਲ੍ਹ ਕੇ ਨਹੀਂ ਬੋਲਿਆ ਪਰ ਟਿਕਟ ਨਾ ਮਿਲਣ ਤੋਂ ਨਾਰਾਜ਼ ਆਸ਼ੂ ’ਤੇ ਰਾਜਾ ਵੜਿੰਗ ਦੀ ਮਦਦ ਨਾ ਕਰਨ ਦੇ ਦੋਸ਼ ’ਚ ਲੱਗ ਰਹੇ ਹਨ। ਇਸ ਸਬੰਧੀ ਗਿੱਦੜਬਾਹਾ ਉਪ ਚੋਣ ਦੌਰਾਨ ਬੈਂਸ ਵੱਲੋਂ ਆਸ਼ੂ ਦਾ ਨਾਂ ਲਏ ਬਗੈਰ ਤਸਵੀਰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਮਝਦੇ ਹਨ ਕਿ ਕਾਂਗਰਸ ਉਨ੍ਹਾਂ ਦੇ ਘਰੋਂ ਚੱਲਦੀ ਹੈ, ਉਨ੍ਹਾਂ ਵੱਲੋਂ ਰਾਜਾ ਵੜਿੰਗ ਨੂੰ ਨਾ ਜਿੱਤਣ ਦੇਣ ਲਈ ਕਾਫੀ ਜ਼ੋਰ ਲਾਇਆ ਗਿਆ। ਬੈਂਸ ਨੇ ਦਾਅਵਾ ਕੀਤਾ ਕਿ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਕਾਫੀ ਯੋਗਦਾਨ ਦਿੱਤਾ ਹੈ, ਜਿਸ ਸਬੰਧੀ ਸਾਬਕਾ ਮੇਅਰ ਬਲਕਾਰ ਸੰਧੂ ਨੇ ਆਸ਼ੂ ਗਰੁੱਪ ਵੱਲੋਂ ਬੈਂਸ ’ਤੇ ਪਲਟ ਵਾਰ ਕੀਤਾ ਹੈ।
ਉਨ੍ਹਾਂ ਨੇ ਬੈਂਸ ਗਰੁੱਪ ਵੱਲੋਂ ਕਈ ਵਾਰ ਪਾਰਟੀਆਂ ਬਦਲਣ ਨੂੰ ਲੈ ਕੇ ਤੰਜ ਕੱਸਿਆ ਅਤੇ ਨਾਂ ਲਏ ਬਗੈਰ ਉਨ੍ਹਾਂ ਨੂੰ ਨਵੇਂ ਕਾਂਗਰਸੀ ਦੱਸਿਆ। ਸਾਬਕਾ ਮੇਅਰ ਨੇ ਬੈਂਸ ਵੱਲੋਂ ਰਾਜਾ ਵੜਿੰਗ ਨੂੰ ਅਗਲਾ ਸੀ. ਐੱਮ. ਦਾ ਉਮੀਦਵਾਰ ਦੱਸਣ ਦੇ ਜਵਾਬ ’ਚ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦਾ ਕਲਚਰ ਹੀ ਨਹੀਂ ਪਤਾ ਅਤੇ ਜੇਕਰ ਟਿਕਟ ਨਾ ਮਿਲੀ ਤਾਂ ਫਿਰ ਨਵੀਂ ਪਾਰਟੀ ’ਚ ਹੋਣਗੇ। ਉਨ੍ਹਾਂ ਨੇ ਸੀ. ਐੱਮ. ਅਹੁਦੇ ਲਈ ਚਰਨਜੀਤ ਚੰਨੀ ਨਾਲ ਸੁਨੀਲ ਜਾਖੜ ਦਾ ਨਾਮ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਲੁਧਿਆਣਾ ਦੇ ਨੇਤਾਵਾਂ ਦੀ ਡਿਊਟੀ ਲਗਾਉਣ ਦੇ ਉਲਟ ਮੇਅਰ ਵੱਲੋਂ ਬੁਲਾਈ ਗਈ ਬੈਠਕ ਦੌਰਾਨ ਆਸ਼ੂ ਗਰੁੱਪ ਦੇ ਮੈਂਬਰਾਂ ਨੂੰ ਬਰਨਾਲਾ ਜਾਣ ਦੀ ਹਦਾਇਤ ਦੇਣ ਸਬੰਧੀ ਵੀ ਵਿਵਾਦ ਹੋ ਚੁੱਕਾ ਹੈ। ਹਾਲਾਂਕਿ ਆਸ਼ੂ ਗਰੁੱਪ ਦੇ ਕੁਝ ਮੈਂਬਰ ਆਖ਼ਰੀ ਦਿਨਾਂ ’ਚ ਫੇਸਬੁੱਕ ’ਤੇ ਅਪਲੋਡ ਕਰਨ ਲਈ ਗਿੱਦੜਬਾਹਾ ਜਾ ਕੇ ਫੋਟੋ ਖਿੱਚਵਾ ਕੇ ਆਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8