ਕੂੜਾ ਸੁੱਟਣ ਨੂੰ ਲੈ ਕੇ ਸਰਕਾਰੀ ਤੇ ਪ੍ਰਾਈਵੇਟ ਮੁਲਾਜ਼ਮਾਂ ਵਿਚਾਲੇ ਹੋ ਗਈ ਲੜਾਈ, ਚੱਲ ਗਈਆਂ ਤਲਵਾਰਾਂ
Sunday, Aug 18, 2024 - 02:45 AM (IST)
ਜਲੰਧਰ (ਰਮਨ)– ਵਿਕਾਸਪੁਰੀ ਸਥਿਤ ਡੰਪ ’ਤੇ ਪ੍ਰਾਈਵੇਟ ਪ੍ਰਵਾਸੀ ਵਿਅਕਤੀ ਵੱਲੋਂ ਕੂੜਾ ਸੁੱਟਣ ਨੂੰ ਲੈ ਕੇ ਸਰਕਾਰੀ ਮੁਲਾਜ਼ਮ ਤੇ ਪ੍ਰਾਈਵੇਟ ਨੌਜਵਾਨ ਆਪਸ ਵਿਚ ਭਿੜ ਗਏ। ਵਿਵਾਦ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤਕ ਪਹੁੰਚ ਗਈ ਅਤੇ ਇਕ ਧਿਰ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਲੜਾਈ-ਝਗੜੇ ਦੀ ਸੂਚਨਾ ਮਿਲਦੇ ਹੀ ਪੀ.ਸੀ.ਆਰ. ਪੁਲਸ ਏ.ਐੱਸ.ਆਈ. ਰਵਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਇਸ ਦੌਰਾਨ ਕੁਝ ਹਮਲਾਵਰ ਮੌਕੇ ਤੋਂ ਭੱਜ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਤਲਵਾਰਾਂ ਜ਼ਬਤ ਕੀਤੀਆਂ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਮੌਕੇ ’ਤੇ ਮੌਜੂਦ ਪ੍ਰਵਾਸੀ ਵਿਅਕਤੀ ਰਾਮੂ ਨੇ ਦੱਸਿਆ ਕਿ ਉਹ ਕੂੜਾ ਸੁੱਟਣ ਦਾ ਕੰਮ ਕਰਦਾ ਹੈ। ਕੂੜਾ ਸੁੱਟਣ ਆਇਆ ਤਾਂ ਸਰਕਾਰੀ ਮੁਲਾਜ਼ਮ ਸੰਨੀ ਨੇ ਉਸ ਨੂੰ ਕੂੜਾ ਸੁੱਟਣ ਤੋਂ ਮਨ੍ਹਾ ਕਰ ਦਿੱਤਾ ਅਤੇ ਇਕ ਹਜ਼ਾਰ ਰੁਪਏ ਮੰਗੇ। ਜਦੋਂ ਰੁਪਏ ਦੇਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਤਲਵਾਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਲੋਕ ਇਕੱਠੇ ਹੋਣ ’ਤੇ ਕਿਸੇ ਤਰ੍ਹਾਂ ਉਸ ਦੀ ਜਾਨ ਬਚੀ।
ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ
ਉਨ੍ਹਾਂ ਕਿਹਾ ਕਿ ਇਹ ਲੋਕ ਨਸ਼ਾ ਕਰਦੇ ਹਨ ਅਤੇ ਆਏ ਦਿਨ ਸਾਰੇ ਰੇਹੜੀ ਵਾਲਿਆਂ ਨੂੰ ਤੰਗ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਜਬਰੀ ਵਸੂਲੀ ਕਰਦੇ ਹਨ। ਉਥੇ ਹੀ, ਦੂਜੇ ਪਾਸੇ ਸਰਕਾਰੀ ਮੁਲਾਜ਼ਮ ਸੰਨੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਉਹ ਤਾਂ ਡਿਊਟੀ ਕਰ ਰਿਹਾ ਹੈ। ਪ੍ਰਾਈਵੇਟ ਵਿਅਕਤੀ ਰੇਹੜੀ ’ਤੇ ਕੂੜਾ ਸੁੱਟ ਰਹੇ ਸਨ, ਜਦੋਂ ਰੋਕਿਆ ਤਾਂ ਉਨ੍ਹਾਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਤਲਵਾਰਾਂ ਮਾਰਨ ਲੱਗੇ ਤਾਂ ਉਸ ਨੇ ਉਲਟਾ ਉਨ੍ਹਾਂ ਦੇ ਹੱਥਾਂ ਵਿਚੋਂ ਤਲਵਾਰਾਂ ਫੜ ਲਈਆਂ। ਉਨ੍ਹਾਂ ਕਿਹਾ ਕਿ ਉਕਤ ਪ੍ਰਾਈਵੇਟ ਲੋਕ ਦੂਜੇ ਇਲਾਕਿਆਂ ਵਿਚੋਂ ਕੂੜਾ ਲਿਆ ਤੇ ਇਥੇ ਸੁੱਟ ਕੇ ਗੰਦਗੀ ਫੈਲਾਉਂਦੇ ਹਨ, ਜਿਨ੍ਹਾਂ ਨੂੰ ਰੋਕਣ ’ਤੇ ਪ੍ਰਵਾਸੀ ਨੌਜਵਾਨਾਂ ਨੇ ਇਹ ਡਰਾਮਾ ਕੀਤਾ ਹੈ।
ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮ ਏ.ਐੱਸ.ਆਈ. ਰਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਦੋਵਾਂ ਨੇ ਇਕ-ਦੂਜੇ ’ਤੇ ਦੋਸ਼ ਲਾਏ ਹਨ। ਮਾਮਲਾ ਕੂੜਾ ਸੁੱਟਣ ਦੇ ਨਾਲ-ਨਾਲ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਹੈ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e