ਗਿੱਦੜਬਾਹਾ : ਹੱਡਾ-ਰੋੜੀ ਦੀ ਜ਼ਮੀਨ ਕਾਰਨ ਦੋ ਫਿਰਕਿਆਂ ਵਿਚ ਖੂਨੀ ਝੜਪ, ਪੁਲਸ ਵਲੋਂ ਲਾਠੀਚਾਰਜ਼

Friday, Sep 06, 2019 - 08:03 PM (IST)

ਗਿੱਦੜਬਾਹਾ : ਹੱਡਾ-ਰੋੜੀ ਦੀ ਜ਼ਮੀਨ ਕਾਰਨ ਦੋ ਫਿਰਕਿਆਂ ਵਿਚ ਖੂਨੀ ਝੜਪ, ਪੁਲਸ ਵਲੋਂ ਲਾਠੀਚਾਰਜ਼

ਗਿੱਦਡ਼ਬਾਹਾ, (ਸੰਧਿਆ, ਚਾਵਲਾ)-ਪਿੰਡ ਹੁਸਨਰ ’ਚ ਇਕ ਵਾਰ ਫਿਰ ਦੋ ਫਿਰਕੇ ਦੇ ਲੋਕ ਹੱਡਾ ਰੋਡ਼ੀ ਦੀ ਜ਼ਮੀਨ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਕਰੀਬ ਢਾਈ ਵਜੇ ਜਦ ਇਕ ਫਿਰਕੇ ਨਾਲ ਸੰਬੰਧਤ ਲੋਕ ਡਾਂਗਾ, ਕਾਪੇ, ਗੰਡਾਸੇ ਅਤੇ ਕਿਰਪਾਨ ਆਦਿ ਲੈ ਕੇ ਸ਼ਰੇਆਮ ਦੂਜੇ ਫਿਰਕੇ ਨਾਲ ਸੰਬੰਧਤ ਲੋਕਾਂ ਦੇ ਘਰਾਂ ਕੋਲ ਬਣੀ ਹੱਡਾ ਰੋਡ਼ੀ ’ਚ ਪਹੁੰਚੇ ਤਾਂ ਸਾਹਮਣੇ ਤੋਂ ਦੂਜੇ ਫਿਰਕੇ ਦੇ ਲੋਕ, ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਮਰਦਾਂ ਵੱਡੀ ਗਿਣਤੀ ਵਿਚ ਸ਼ਾਮਲ ਸਨ, ਨੇ ਡੱਟ ਕੇ ਮੁਕਾਬਲਾ ਕੀਤਾ। ਦੋਵੇਂ ਧਿਰਾਂ ਵਲੋਂ ਇਕ ਦੂਜੇ ਉਤੇ ਡਲਿਆਂ (ਇੱਟਾਂ-ਰੋੜਿਆਂ) ਦੀ ਵਰਖਾ ਵੀ ਕੀਤੀ ਗਈ।

ਇਥੇ ਦੱਸ ਦਇਏ ਕਿ ਪਿੰਡ ਹੁਸਨਰ ਦੇ ਅੰਦਰ ਪੰਚਾਇਤੀ ਜ਼ਮੀਨ ’ਚ ਹੱਡਾ ਰੋਡ਼ੀ ਬਣੀ ਹੋਈ ਹੈ। ਇਸ ਥਾਂ ਉਤੇ ਪਿੰਡ ਦੇ ਅੰਦਰ-ਬਾਹਰ ਮਰੇ ਪਸ਼ੂ ਨੂੰ ਸੁੱਟਿਆ ਜਾਂਦਾ ਹੈ। ਬੀਤੀ ਫਰਵਰੀ ਵਿਚ ਜਦੋਂ ਪਿੰਡ ਨਾਲ ਸੰਬੰਧਤ ਇਕ ਫਿਰਕੇ ਦੇ ਲੋਕਾਂ ਨੂੰ ਪਿੰਡ ਦੇ ਇਕ ਧਾਰਮਿਕ ਸਥਾਨ ਵਿਚ ਮੱਥਾ ਟੇਕਣ ਅਤੇ ਪਾਠ ਆਦਿ ਕਰਨ ਤੋਂ ਰੋਕਿਆ ਗਿਆ ਤਾਂ ਗੁੱਸੇ ਵਿਚ ਆਏ ਇਸ ਫਿਰਕੇ ਦੇ ਲੋਕਾਂ ਨੇ ਆਪਣੇ ਖੇਤਰ ਵਿਚ ਵੱਖਰੇ ਧਾਰਮਿਕ ਸਥਾਨ ਦੀ ਉਸਾਰੀ ਕਰਵਾ ਲਈ ਗਈ ਪਰ ਜਦੋਂ ਕਵੀ ਕਿਸੇ ਮਰੇ ਪਸ਼ੂ ਨੂੰ ਸੁੱਟਣ ਲਈ ਹੱਡਾ ਰੋਡ਼ੀ ਵਿੱਚ ਲਿਆਂਦਾ ਗਿਆ, ਤਾਂ ਦੋਹਾਂ ਧਿਰਾਂ ਵਿੱਚ ਲਡ਼ਾਈ ਹੋਈ।

ਸ਼ੁੱਕਰਵਾਰ ਦੁਪਹਿਰ ਨੂੰ ਵੀ ਇਕ ਵਾਰ ਫਿਰ ਇਕ ਭਾਈਚਾਰੇ ਦੇ ਲੋਕਾਂ ਵਲੋਂ ਹੱਡਾ ਰੋਡ਼ੀ ’ਤੇ ਮਰੇ ਪਸ਼ੂਆਂ ਨੂੰ ਸੁੱਟਣ ਅਤੇ ਹੱਡਾ ਰੋਡ਼ੀ ’ਤੇ ਕਬਜ਼ਾ ਕਰਨ ਲਈ ਤੇਜਧਾਰ ਹੱਥਿਆਰ ਲੈ ਕੇ ਸੈਂਕਡ਼ਿਆਂ ਦੀ ਗਿਣਤੀ ਵਿਚ ਹੱਡਾ ਰੋਡ਼ੀ ਵੱਲ ਕੂਚ ਕੀਤਾ ਤਾਂ ਦੂਜੇ ਫਿਰਕੇ ਦੇ ਲੋਕਾਂ ਵਲੋਂ ਡੱਟ ਕੇ ਮੁਕਾਬਲਾ ਕੀਤਾ ਗਿਆ। ਦੋਵੇਂ ਧਿਰਾਂ ਵਿਚਕਾਰ ਖੂਨੀ ਜੰਗ ਛਿਡ਼ੀ ਅਤੇ ਇੱਟਾਂ, ਰੋਡ਼ਿਆਂ, ਪੱਥਰਾਂ ਦੀ ਵਰਖਾ ਹੋਈ। ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। ਮੌਕੇ ਉਤੇ ਲੜਾਈ ਸ਼ਾਂਤ ਕਰਵਾਉਣ ਆਏ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ ਵੀ ਇੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ।

ਸ਼ਾਮ ਦੇ ਕਰੀਬ ਢਾਈ ਵਜੇ ਤੋਂ 5 ਵਜੇ ਤੱਕ ਪਿੰਡ ਹੁਸਨਰ ਦੀਆਂ ਦੋ ਧਿਰਾਂ ਵਿਚਕਾਰ ਖੂਨੀ ਜੰਗ ਚੱਲ ਹੀ ਰਹੀ ਸੀ ਕਿ ਪਿੰਡ ਦੇ ਇਕ ਫਿਰਕੇ ਦੇ ਲੋਕਾਂ ਵੱਲੋਂ ਟਰੈਕਟਰ ਟਰਾਲੀ ’ਤੇ ਲੱਦ ਕੇ ਇਕ ਮਰੀ ਹੋਈ ਗਾਂ ਨੂੰ ਸੁੱਟਿਆ ਗਿਆ ਤਾਂ ਮਾਹੌਲ ਇਨ੍ਹਾਂ ਤਨਾਅ ਭਰਿਆ ਹੋ ਗਿਆ। ਅਜੇ ਮਾਹੌਲ ਮੁਕੰਮਲ ਰੂਪ ਵਿੱਚ ਕਾਬੂ ਵਿੱਚ ਵੀ ਨਹੀਂ ਸੀ ਆਇਆ ਕਿ ਜਬਰਦਸਤੀ ਇਕ ਮਰੀ ਹੋਈ ਗਾਂ ਨੂੰ ਲਿਆ ਕੇ ਹੱਡਾ-ਰੋਡ਼ੀ ਵਿੱਚ ਸੁੱਟ ਦਿੱਤਾ ਗਿਆ। ਗੁੱਸੇ ਵਿੱਚ ਆਏ ਦੂਜੇ ਫਿਰਕੇ ਨੇ ਜਦੋਂ ਪੁਲਸ ਦੇ ਸਾਹਮਣੇ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਈ ਤਾਂ ਪੁਲਸ ਵੱਲੋਂ ਲਾਠੀਚਾਰਜ਼ ਕਰ ਦਿੱਤਾ ਗਿਆ। ਜਿਸ ਕਾਰਨ ਇਸ ਭਾਈਚਾਰੇ ਨਾਲ ਸੰਬੰਧਤ ਕਰੀਬ 5 ਵਿਅਕਤੀਆਂ ਦੇ ਸਿਰ, ਪਿੱਠ ਅਤੇ ਲੱਤਾਂ ’ਤੇ ਸੱਟਾਂ ਵੱਜੀਆਂ।

ਪਿੰਡ ਹੁਸਨਰ ’ਚ ਹੋਈ ਝਡ਼ਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਇਸ ਖੂਨੀ ਝਡ਼ਪ ਵਿਚ ਕਰੀਬ 8 ਤੋਂ 10 ਵਿਅਕਤੀ ਜਿੰਨ੍ਹਾਂ ਵਿਚ ਰੀਤੂ ਬਾਲਾ (17) ਪੁੱਤਰੀ ਮਨਜੀਤ ਸਿੰਘ, ਰਾਜਪਾਲ ਸਿੰਘ (25) ਪੁੱਤਰ ਗੁਰਮੀਤ ਸਿੰਘ, ਸਿਮਰਨਜੀਤ ਸਿੰਘ (21) ਪੁੱਤਰ ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ(18) ਪੁੱਤਰ ਪਾਲ ਸਿੰਘ, ਗੁਰਸੇਵਕ ਸਿੰਘ (34) ਪੁੱਤਰ ਜਰਨੈਲ ਸਿੰਘ, ਗੁਰਚਰਨ ਸਿੰਘ (45) ਪੁੱਤਰ ਪੂਰਨ ਸਿੰਘ, ਹਰਸ਼ਦੀਪ ਸਿੰਘ (15) ਪੁੱਤਰ ਪ੍ਰਗਟ ਸਿੰਘ, ਬੰਤ ਸਿੰਘ (60) ਪੁੱਤਰ ਸਵ. ਦਲੀਪ ਸਿੰਘ, ਗੁਰਜੰਟ ਸਿੰਘ (50) ਸਵ. ਜੁਗਿੰਦਰ ਸਿੰਘ, ਸੁਖਜਿੰਦਰ ਸਿੰਘ (24)ਪੁੱਤਰ ਅੰਗਰੇਜ ਸਿੰਘ ਸ਼ਾਮਿਲ ਹਨ, ਜੋ ਕਿ ਗੰਭੀਰ ਰੂਪ ’ਚ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਕ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਸਰਕਾਰੀ ਹਸਪਾਤਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।


author

DILSHER

Content Editor

Related News