ਖੰਨਾ ਦੇ ਕਾਲਜ ''ਚ ਖੂਨੀ ਖੇਡ, ਹੋਸਟਲ ''ਚ ਰਹਿੰਦੇ ਵਿਦਿਆਰਥੀ ਆਪਸ ''ਚ ਭਿੜੇ

Wednesday, Oct 12, 2022 - 10:20 AM (IST)

ਖੰਨਾ (ਵਿਪਨ, ਕੁਲਦੀਪ ਸਿੰਘ) : ਖੰਨਾ ਨਜ਼ਦੀਕ ਇਕ ਪ੍ਰਾਈਵੇਟ ਕਾਲਜ ਦੇ ਹੋਸਟਲ 'ਚ ਰਹਿੰਦੇ 2 ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਦੇ ਆਪਸ ’ਚ ਭਿੜਨ ਦੀ ਖੂਨੀ ਖੇਡ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਸ਼ਹਿਰ ਨੇੜੇ ਮੁੱਖ ਮਾਰਗ ’ਤੇ ਪੈਂਦੇ ਇਸ ਕਾਲਜ ’ਚ ਵੱਖ-ਵੱਖ ਸੂਬਿਆਂ ਦੇ ਹਜ਼ਾਰਾਂ ਵਿਦਿਆਰਥੀ ਰਹਿੰਦੇ ਹਨ। ਹੋਸਟਲ 'ਚ ਰਹਿੰਦੇ ਮਨੀਪੁਰ ਦੇ ਵਿਦਿਆਰਥੀਆਂ ਦਾ ਬਿਹਾਰ ਦੇ ਵਿਦਿਆਰਥੀਆਂ ਨਾਲ ਬੋਲ-ਬੁਲਾਰਾ ਹੋ ਗਿਆ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਗੈਸ ਕੰਪਨੀਆਂ ਦਾ ਵੱਡਾ ਝਟਕਾ, ਹੁਣ ਸਾਲ 'ਚ ਸਿਰਫ ਇੰਨੇ ਸਿਲੰਡਰ ਹੀ ਬੁੱਕ ਕਰ ਸਕੋਗੇ

ਖਾਣੇ ਨੂੰ ਲੈ ਕੇ ਦੋਵਾਂ ਹੀ ਸੂਬਿਆਂ ਦੇ ਵਿਦਿਆਰਥੀਆਂ ਨੇ ਇਕ-ਦੂਜੇ ਨਾਲ ਹੱਥੋਪਾਈ ਕੀਤੀ ਅਤੇ ਗੱਲ ਵੱਧ ਕੇ ਕੁੱਟਮਾਰ ਤੱਕ ਚਲੇ ਗਈ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਮੀਡੀਆ ਕਰਮੀ ਘਟਨਾ ਵਾਲੀ ਥਾਂ ’ਤੇ ਪੁੱਜੇ ਤਾਂ ਵੱਡੀ ਗਿਣਤੀ ’ਚ ਪੁਲਸ ਫੋਰਸ ਗੇਟ ’ਤੇ ਹਾਜ਼ਰ ਸੀ ਅਤੇ ਕਾਲਜ ਦੇ ਗੇਟ ਬੰਦ ਕੀਤੇ ਗਏ ਸਨ। ਕਾਲਜ ਦੇ ਅੰਦਰ ਦੇ ਹਾਲਾਤ ਸਬੰਧੀ ਵਿਦਿਆਰਥੀ ਸੋਸ਼ਲ ਮੀਡੀਆ ਰਾਹੀਂ ਸੂਚਨਾ ਦਿੰਦੇ ਰਹੇ ਅਤੇ ਪਤਾ ਲੱਗਾ ਕਿ ਦੋਵਾਂ ਸੂਬਿਆਂ ਦੇ ਵਿਦਿਆਰਥੀ ਇਕ-ਦੂਜੇ ਨਾਲ ਭਿੜਦੇ ਖੂਨੋ-ਖੂਨ ਵੀ ਹੋ ਗਏ ਸਨ। ਕੁੱਝ ਵਿਦਿਆਰਥੀਆਂ ਦੀਆਂ ਕੰਨ, ਧੌਣ ਅਤੇ ਪਿੱਠ ’ਤੇ ਜ਼ਖਮਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਪੁੱਛਗਿੱਛ ਕਰੇਗੀ SIT

ਇਸ ਸਬੰਧੀ ਇਲਾਕੇ ਦੇ ਲੋਕ ਵੀ ਪੁੱਜੇ ਪਰ ਅੰਦਰ ਨਾ ਜਾਣ ਦੇਣ ਕਾਰਨ ਸਪੱਸ਼ਟ ਸੂਚਨਾ ਹੱਥ ਨਹੀਂ ਲੱਗੀ। ਕਾਲਜ ਦੇ ਵਿਦਿਆਰਥੀਆਂ ਨੇ ਇਨਸਾਫ਼ ਨੂੰ ਲੈ ਕੇ ਕਾਲਜ ਦੇ ਵਿਹੜੇ ’ਚ ਰੋਸ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਵਿਦਿਅਰਥੀਆਂ ਦਾ ਕਹਿਣਾ ਸੀ ਕਿ ਝਗੜੇ ਦੀ ਵਜਾ ਜਾਣ ਕੇ ਮੈਨੇਜਮੈਂਟ ਤੁਰੰਤ ਇਸ ਪਾਸੇ ਧਿਆਨ ਦੇਵੇ ਤਾਂ ਜੋ ਕਾਲਜ ਅੰਦਰ ਸ਼ਾਂਤਮਈ ਮਾਹੌਲ ਸਿਰਜਿਆ ਜਾ ਸਕੇ। ਦੋਵਾਂ ਹੀ ਸੂਬਿਆਂ ਦੇ ਵਿਦਿਆਰਥੀਆਂ ਨੇ ਪਹਿਲਾਂ ਝਗੜੇ ਤੋਂ ਇਨਕਾਰ ਕੀਤਾ। ਕਾਲਜ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਇਹ ਕਾਲਜ ਦਾ ਅੰਦਰੂਨੀ ਮਾਮਲਾ ਹੈ ਅਤੇ ਉਮਰ ਦੇ ਇਸ ਪੜਾਅ ’ਤੇ ਅਕਸਰ ਅਜਿਹਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਮਸਲਾ ਸੁਲਝਾ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News