ਲੋਕ ਸਭਾ ਚੋਣਾਂ ’ਚ ਮੋਦੀ ਤੇ ਕੇਜਰੀਵਾਲ ’ਚ ਹੋਵੇਗੀ ਸਿੱਧੀ ਲੜਾਈ : ਮੰਤਰੀ ਧਾਲੀਵਾਲ
Saturday, Aug 20, 2022 - 01:42 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿਨੋ-ਦਿਨ ਵੱਧ ਰਹੀ ਲੋਕਪ੍ਰਿਅਤਾ ਤੋਂ ਭਾਜਪਾ ਬੌਖ਼ਲਾਹਟ 'ਚ ਆ ਗਈ ਹੈ, ਜਿਸ ਕਾਰਨ ਅੱਜ ਮੋਦੀ ਦੀ ਸਰਕਾਰ ਸੀ. ਬੀ. ਆਈ. ਰਾਹੀਂ ‘ਆਪ’ ਦੇ ਮੰਤਰੀਆਂ ਨੂੰ ਮੱਕੜ ਜਾਲ ’ਚ ਫਸਾ ਕੇ ਬਦਨਾਮ ਕਰਨਾ ਚਾਹੁੰਦੀ ਹੈ। ਇਸ ਦਾ ਸਬੂਤ ਅੱਜ ਕੈਬਨਿਟ ਮੰਤਰੀ ਮਨੀਸ਼ ਸਸੋਦੀਆ ’ਤੇ ਕੀਤੀ ਸੀ. ਬੀ. ਆਈ. ਦੀ ਰੇਡ ਤੋਂ ਮਿਲ ਰਿਹਾ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੋ ਗਿਆ ਹੈ ਕਿ ਭਾਜਪਾ ਹੋਛੀ ਰਾਜਨੀਤੀ ’ਤੇ ਉੱਤਰ ਆਈ ਹੈ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ’ਚ ਮੋਦੀ ਅਤੇ ਕੇਜਰੀਵਾਲ ’ਚ ਸਿੱਧੀ ਲੜਾਈ ਹੋਵੇਗੀ ਅਤੇ ਭਵਿੱਖ 'ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਗੇ ਕਿਉਂਕਿ ਦੇਸ਼ ਦੇ ਲੋਕ ਭਾਜਪਾ ਦੀਆਂ ਲੋਕਮਾਰੂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਪੂਰੇ ਦੇਸ਼ ’ਚ ਬਦਲਾਅ ਚਾਹੁੰਦੇ ਹਨ। ਮੰਤਰੀ ਧਾਲੀਵਾਲ ਨੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਨੇ ਜ਼ੀਰੋ ਟਾਲਰੈਂਸ ਰਿਸ਼ਵਤਖੋਰੀ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਅਤੇ ਜਿਨ੍ਹਾਂ ਵੀ ਮੰਤਰੀਆਂ ਨੇ ਅਤੀਤ 'ਚ ਕਰੋੜਾਂ ਰੁਪਏ ਦੇ ਘਪਲੇ ਕੀਤੇ ਅਤੇ ਦੇਸ਼ ਵਾਸੀਆਂ ਦੇ ਪੈਸੇ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਸਾਬਕਾ ਮੁੱਖ ਮੰਤਰੀ ਹੀ ਕਿਉਂ ਨਾ ਹੋਣ? ਕਾਨੂੰਨ ਸਭ ਲਈ ਇੱਕ ਹੈ।
ਉਨ੍ਹਾਂ ਜ਼ਮੀਨਾਂ ’ਤੇ ਕਬਜ਼ਿਆਂ ਸਬੰਧੀ ਕਿਹਾ ਕਿ ਜੇਕਰ ਕਿਸੇ ਗਰੀਬ ਨੇ ਛੱਪੜ ਜਾਂ ਪੰਚਾਇਤ ਦੀ ਜ਼ਮੀਨ ’ਤੇ ਆਪਣਾ ਘਰ ਬਣਾ ਲਿਆ ਹੈ, ਉਸ ਤੋਂ ਕਬਜ਼ਾ ਖੋਹਿਆ ਨਹੀਂ ਜਾਵੇਗਾ ਪਰ ਜਿਹੜੇ ਵੱਡੇ-ਵੱਡੇ ਧਨਾਢਾਂ ਨੇ ਕਰੋੜਾਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ ਹੋਇਆ ਹੈ, ਉਹ ਹਰ ਹਾਲਤ ’ਚ ਛੁੱਡਵਾਈਆਂ ਜਾਣਗੀਆਂ। ਉਨ੍ਹਾਂ ਇਸ ਮੌਕੇ ਪੰਜਾਬ ਵਾਸੀਆਂ ਤੋਂ ਮੰਗ ਕੀਤੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮਾਨ ਸਰਕਾਰ ਦਾ ਸਾਥ ਦਿਓ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਹਲਕਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਆਦਿ ਪਾਰਟੀ ਆਗੂ ਹਾਜ਼ਰ ਸਨ।